ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ॥ ਮਧੁਸੂਦਨ ਦਾਮੋਦਰ ਸੁਆਮੀ॥
ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਵਿਚ, ਅੰਗ :1082 ਤੇ ਸੁਭਾਇਮਾਨ, ਮਾਰੂ ਰਾਗ ਵਿਚ, ਗੁਰੂ ਅਰਜੁਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜਿਸ ਵਿਚ ਗੁਰੂ ਸਾਹਿਬ ਪ੍ਰਮਾਤਮਾ ਦੇ ਗੁਣਵਾਚਕ ਨਾਵਾਂ ਦਾ ਵਰਨਣ ਕਰਦੇ ਹਨ |
ਜਿਆਦਾਤਰ ਲੋਕ ਇਸ ਸ਼ਬਦ ਦੇ ਅਰਥਾਂ ਦੀ ਬਾਰੀਕੀ ਨੂੰ ਨਹੀਂ ਸਮਝਦੇ ਅਤੇ ਇਸ ਸ਼ਬਦ ਦੇ ਅਰਥ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਕਰਦੇ ਹੋਏ ਕਹਿ ਦਿੰਦੇ ਹਨ ਕਿ ਗੁਰੂ ਅਰਜੁਨ ਸਾਹਿਬ ਇਸ ਸ਼ਬਦ ਵਿਚ ਹਿੰਦੂ ਦੇਵਤਿਆ ਤੇ ਓਹਨਾ ਦੇ ਪ੍ਰਚਲਿਤ ਅਵਤਾਰਾਂ ਦੀ ਗੱਲ ਕਰ ਰਹੇ ਹਨ | ( ਤੇ ਸਿੱਖ ਵਿਰੋਧੀ ਤਾਕਤਾਂ ਵੀ ਇਸ ਸ਼ਬਦ ਦੇ ਗ਼ਲਤ ਅਰਥ ਕਰਕੇ ਗੁਰੂ ਸਾਹਿਬ ਨੂੰ ਹਿੰਦੂ ਦੇਵਤਿਆਂ ਤੇ ਓਹਨਾ ਦੇ ਅਵਤਾਰਾਂ ਦੇ ਉਪਾਸ਼ਕ ਸਿੱਧ ਕਰਨ ਦਾ ਕੋਝਾ ਯਤਨ ਕਰਦੇ ਹਨ )
ਗੁਰਬਾਣੀ ਦੇ ਸ਼ਬਦਾਂ ਨੂੰ ਸਮਝਣ ਵਾਸਤੇ ਸਾਨੂੰ ਗੁਰਮਤਿ ਸਿਧਾਂਤ ਤੋਂ ਬਾਹਰ ਨਹੀਂ ਜਾਣਾ ਹੋਵੇਗਾ। ਜਦੋਂ ਵੀ ਅਸੀਂ ਗੁਰਮਤਿ ਸਿਧਾਂਤ ਨੂੰ ਭੁਲਾ ਕੇ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਾਂਗੇ ਤਾਂ ਕਰਮਕਾਂਡੀ ਸਿਧਾਂਤ ਦਾ ਰੂਪ ਵਿਆਖਿਆ ਵਿੱਚੋਂ ਝਲਕੇਗਾ, ਅਤੇ ਅਸੀਂ ਅਸਲੀਅਤ ਤੋਂ ਦੂਰ ਜਾ ਕੇ ਵਾਂਝੇ ਹੋ ਜਾਵਾਂਗੇ। ਫਿਰ ਕਰਮਕਾਂਡੀ ਭਰਮ ਦਾ ਜਾਲ ਟੁੱਟੇਗਾ ਹੀ ਨਹੀਂ ਅਤੇ ਜਿਉਂ ਦਾ ਤਿਉਂ ਸਾਡਾ ਪਿਛਾ ਕਰਦਾ ਰਹੇਗਾ। ਇਸ ਕਰਕੇ ਇਸ ਸ਼ਬਦ ਨੂੰ ਸਮਝਣ ਲਈ ਗੁਰਮਤਿ ਸਿਧਾਂਤ ਸਾਹਮਣੇ ਰੱਖਣਾ ਜ਼ਰੂਰੀ ਹੈ।
ਇਸ ਸ਼ਬਦ ਦੇ ਅਰਥ ਕਰਨ ਲੱਗੇ ਸਾਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਦੇ ਕੁਛ ਨੁਕਤੇ ਆਪਣੇ ਦਿਮਾਗ ਵਿਚ ਰੱਖਣੇ ਪੈਣਗੇ |
- ਗੁਰੂ ਗਰੰਥ ਸਾਹਿਬ ਦੀ ਬਾਣੀ ਅਨੁਸਾਰ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਹੀ ਇਸ ਸ੍ਰਿਸ਼ਟੀ ਦਾ ਕਰਤਾ ਹੈ ਤੇ ਜੰਮਣ ਮਰਨ ਦਾ ਸਾਰਾ ਚੱਕਰ ਉਸਦੇ ਭਾਣੇ ( ਸ਼ਬਦ, ਹੁਕਮ ) ਵਿਚ ਹੀ ਚੱਲ ਰਿਹਾ ਹੈ |
- ਗੁਰਮਤਿ ਸਿਧਾਂਤ ਅਨੁਸਾਰ ਅਕਾਲ ਪੁਰਖੁ ਜੂਨਾਂ ਵਿੱਚ ਆਉਂਦਾ ਹੀ ਨਹੀਂ ਅਤੇ ਦੇਹ ਕਦੇ ਵੀ ਨਹੀਂ ਧਾਰਦਾ। ਜੇਕਰ ਦੇਹ ਨਹੀਂ ਧਾਰਨ ਕਰਦਾ ਤਾਂ ਫਿਰ ਚੱਕ੍ਰ, ਸੰਖ, ਗਦਾ, ਬਨ ਵਾਲੀ ਗਿੱਟਿਆਂ ਤੱਕ ਲੰਬੀ ਫੁੱਲਾਂ ਦੀ ਮਾਲਾ ਕਿਵੇਂ ਧਾਰਨ ਕਰ ਸਕਦਾ ਹੈ? ਜੇਕਰ ਸੰਖ, ਚੱਕ੍ਰ, ਗਦਾ ਆਦਿ ਚਿੰਨ ਦੇਹ ਧਾਰਨ ਕਰਕੇ ਧਾਰਦਾ ਹੈ ਤਾਂ ਫਿਰ ਅਜੂਨੀ ਕਿਵੇਂ ਹੋ ਸਕਦਾ ਹੈ। ਇਸ ਕਰਕੇ ਗੁਰਮਤਿ ਸਿਧਾਂਤ ਨੂੰ ਬਹੁਤ ਡੂੰਘਿਆਈ ਨਾਲ ਸਮਝਣ ਦੀ ਲੋੜ ਹੈ। ਗੁਰਮਤਿ ਸਿਧਾਂਤ ਅਨੁਸਾਰ ਸੰਖ, ਚੱਕ੍ਰ, ਗਦਾ, ਗਿੱਟਿਆਂ ਤੱਕ ਲੰਬੀ ਫੁੱਲਾਂ ਦੀ ਮਾਲਾ, ਆਦਿ ਵਰਗੇ ਚਿੰਨ ਕਰਮਕਾਂਡੀ ਲੋਕ ਧਾਰਨ ਕਰਦੇ ਹਨ।
- ਸ਼ਬਦਾਂ ਦੇ ਅੱਖਰੀ ਅਰਥ ਧਿਆਨ ਦੇਣ ਯੋਗ ਹਨ | ਉਹ ਅਰਥ ਹੀ ਅਕਾਲ ਪੁਰਖ ਦੇ ਕਿਸੇ ਨਾ ਕਿਸੇ ਗੁਣ ਦੇ ਲਖਾਇਕ ਹਨ | ਇਹ ਨਹੀਂ ਦੇਖਣਾ ਕਿ ਇਹ ਕਿਸ ਦੇਵੀ ਦੇਵਤੇ ਦੀ ਉਪਮਾ ਵਜੋਂ ਵਰਤੇ ਜਾਂਦੇ ਹਨ | ਕਿਓਂ ਕਿ ਅਕਾਲ ਪੁਰਖ ਤੋਂ ਬਿਨਾ ਕਿਸੇ ਦੇਹਧਾਰੀ ਦੀ ਉਪਮਾ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਵਿਸ਼ਾ ਨਹੀਂ ਹੈ |
- ਕੁਝ ਸ਼ਬਦ ਗੁਰਬਾਣੀ ਵਿਚ ਸੰਕੇਤਕ ਤੌਰ ਤੇ ਵਰਤੇ ਗਏ ਹਨ ਜਿਸਦੇ ਅੱਖਰੀ ਅਰਥ ਦੀ ਜਗਾਹ ਤੇ ਉਸਦਾ ਖਾਸ ਗੁਣ ਸੰਕੇਤ ਵਜੋਂ ਵਰਤਿਆ ਜਾਂਦਾ ਹੈ | ਉਧਾਹਰਣ ਦੇ ਤੌਰ ਤੇ "ਕਮਲ" ਚਿੱਕੜ ਵਿਚ ਉੱਗ ਕੇ ਵੀ ਉਸਤੋਂ ਨਿਰਲੇਪ ਰਹਿੰਦਾ ਹੈ | ਇਸੇ ਤਰਾਂ ਅਕਾਲ ਪੁਰਖ ਵੀ ਇਸ ਸ੍ਰਿਸ਼ਟੀ ਦੇ ਕਣ ਕਣ ਵਿਚ ਵਸਦੇ ਹੋਏ ਵੀ ਦੁਨਿਆਵੀ ਮਾਇਆ ਦੇ ਚਿੱਕੜ ਤੋਂ ਨਿਰਲੇਪ ਹੈ |
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥
ਸ਼ਬਦ ਅਰਥ :
ਮਾਰੂ ਮਹਲਾ ੫ ॥
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ ॥
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥
ਪਦ ਅਰਥ :
- ਅਚੁਤ : ਅਟਲ, ਜੋ ਪਤਿਤ ਨਹੀਂ ਹੋਇਆ।
- ਪਾਰਬ੍ਰਹਮ: ਰੱਬ, ਅਕਾਲ ਪੁਰਖ, ਬ੍ਰਹਮ ਜੋ ਸਰਬ ਅਵਸਥਾ ਤੋਂ ਪਰੇ ਹੈ, ਪ੍ਰਭੂ
- ਪਰਮੇਸੁਰ : ਸਭ ਤੋਂ ਵਡਾ ਸ੍ਵਾਮੀ
- ਅੰਤਰਜਾਮੀ: ਮਨ ਦੀ ਬੁੱਝਣ ਵਾਲਾ
- ਮਧੁਸੂਦਨ: ਕਰਮਜਾਲ ਦੇ ਤੋੜਨ ਵਾਲਾ. ਕਰਤਾਰ.
- ਦਾਮੋਦਰ: ੧. ਜਿਸ ਦੇ ਉਦਰ ਨੂੰ ਦਾਮ (ਰੱਸੀ) ਬੰਨ੍ਹੀ ਹੋਵੇ | ੨. ਕਰਤਾਰ. ਜਿਸ ਦੇ ਪੇਟ ਵਿੱਚ ਸਾਰਾ ਬ੍ਰਹਮਾਂਡ ਹੈ. (ਅਕਾਲ ਪੁਰਖ ਜਿਸਨੇ ਆਪਣੇ ਬ੍ਰਹਮੰਡ ( ਰੂਪੀ ਪੇਟ / ਉਦਰ ) ਨੂੰ ਹੁਕਮ ( ਰੂਪੀ ਰੱਸੀ ) ਨਾਲ ਬੰਨ੍ਹ ਰੱਖਿਆ ਹੈ |੩. ਗਿਆਨ ਦੀ ਬਖ਼ਸ਼ਿਸ਼ ਨਾਲ ਆਤਮਿਕ ਗਿਆਨ ਰੂਪੀ ਸੁਆਸ ਬਖ਼ਸ਼ਿਸ਼ ਕਰਕੇ ਕਾਮ ਕ੍ਰੋਧ ਰੂਪੀ ਜ਼ਹਿਰ ਨੂੰ ਖ਼ਤਮ ਕਰਨ ਵਾਲਾ ਸੁਆਮੀ ਅਕਾਲ ਪੁਰਖੁ
- ਰਿਖੀਕੇਸ: ਇੰਦ੍ਰੀਆਂ ਦਾ ਸ੍ਵਾਮੀ, ਪਾਰਬ੍ਰਹਮ
- ਗੋਵਰਧਨ ਧਾਰੀ: ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ
- ਮੁਰਲੀ ਮਨੋਹਰ: ਮੁਰਲੀ ਦੀ ਧੁਨਿ ਨਾਲ ਮਨ ਮੋਹ ਲੈਣ ਵਾਲਾ
- ਹਰਿ ਰੰਗਾ : ਹਰਿ ਦੇ ਰੰਗ ( ਕੌਤਕ, ਨਜ਼ਾਰੇ )
ਅਕਾਲ ਪੁਰਖ, ਅਟੱਲ ਹੈ, ਸਭ ਤੋਂ ਵੱਡਾ ਹੈ ਤੇ ਸਭ ਦੇ ਦਿਲਾਂ ਦੀਆਂ ਜਾਨਣ ਵਾਲਾ ਹੈ | ਅਕਾਲ ਪੁਰਖ ਹੀ ਗਿਆਨ ਦੀ ਬਖਸ਼ਿਸ਼ ਕਰਕੇ ਕਰਮਜਾਲ ਨੂੰ ਤੋੜਨ ਵਾਲਾ ਸੁਆਮੀ ਹੈ | ( ਜਿਸਨੇ ਸਾਰਾ ਬ੍ਰਹਮੰਡ ਆਪਣੇ ਹੁਕਮ ਵਿਚ ਬੰਨ੍ਹ ਰੱਖਿਆ ਹੈ|) ਉਹ ਪ੍ਰਭੂ ਹੀ ਇਸ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈ| ਉਹ ਪ੍ਰਭੂ ਹੀ ਇੰਦਰੀਆਂ ਨੂੰ ਨਿਯੰਤਰਣ ਕਰ ਕੇ ਮਾਇਆ (ਰੂਪੀ ਮੁਰਲੀ) ਦੇ ਨਾਲ ਆਪਣੇ ( ਹਰਿ ਦੇ ) ਕੌਤਕਾਂ ਵਿਚ ਮੋਹ ਲੈਣ ਵਾਲਾ ਹੈ |
ਮੋਹਨ ਮਾਧਵ ਕ੍ਰਿਸ੍ਨ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥
ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥
ਪਦ ਅਰਥ :
- ਮੋਹਨ: ਮੋਹਿਤ ਕਰਨ ਵਾਲਾ, ਗੁਮਰਾਹ ਕਰਨਾ, ਭੁਲਾਉਣਾ. ਧੋਖੇ ਵਿੱਚ ਫਸਾਉਣਾ
- ਮਾਧਵ: ਮਾਯਾ ਦਾ ਧਵ (ਪਤਿ) ਪਾਰਬ੍ਰਹਮ. ਕਰਤਾਰ.
- ਕ੍ਰਿਸ੍ਨ: ਕਾਲ਼ਾ, ਕਾਲਖ਼
- ਮੁਰਾਰੇ: ਮੁਰ ਦੈਂਤ (ਰੂਪੀ ਹੰਕਾਰ ) ਦਾ ਵੈਰੀ ਅਕਾਲ ਪੁਰਖ ਆਪੁ,
- ਜਗਦੀਸੁਰ: ਜਗਤ ਦਾ ਸ੍ਵਾਮੀ ਕਰਤਾਰ
- ਅਸੁਰ ਸੰਘਾਰੇ: ਵਿਕਾਰਾਂ (ਕਾਮ, ਕੂੋਧ, ਲੋਭ, ਮੋਹ, ਹੰਕਾਰ) ਦਾ ਸੰਘਾਰ ਕਰਨ ਵਾਲਾ |
- ਜਗਜੀਵਨ: ਸੰਸਾਰ ਨੂੰ ਚੇਤਨਸੱਤਾ ਦੇਣ ਵਾਲਾ ਪ੍ਰਭੂ
- ਅਬਿਨਾਸੀ: ਨਾਸ-ਰਹਿਤ, ਸਦਾ-ਥਿਰ ਰਹਿਣ ਵਾਲਾ
- ਘਟ ਘਟ ਵਾਸੀ: ਹਿਰਦੇ ਵਿਚ ਵਸਣ ਵਾਲਾ |
ਪ੍ਰਭੂ ਆਪ ਹੀ (ਜੀਵਾਂ ਨੂੰ) ਗੁਮਰਾਹ ਕਰਕੇ ਮਾਇਆ ਵਿਚ ਭੁਲਾਉਣ ਵਾਲਾ ਹੈ, ਆਪ ਹੀ ਉਸ ਮਾਇਆ ਦਾ ਸਵਾਮੀ ਹੈ ( ਭਾਵ ਮਾਇਆ ਵੀ ਉਸਦੇ ਹੁਕਮ ਵਿਚ ਹੀ ਹੈ ) ਤੇ ਆਪ ਹੀ ਹੰਕਾਰ (ਰੂਪੀ ਮੁਰ ਦੈਂਤ) ਦਾ ਨਾਸ਼ ਕਰਕੇ ਮਾਇਆ ਦੀ ਕਾਲਖ ਵਿਚੋਂ ਕੱਢਣ ਵਾਲਾ ਹੈ | ਅਕਾਲ ਪੁਰਖ ਆਪ ਹੀ ਸਾਰੇ ਜਗਤ ਦਾ ਮਾਲਕ ਹੈ ਤੇ ਵਿਕਾਰਾਂ ਦਾ ਨਾਸ਼ ਕਰਕੇ ਆਤਮਿਕ ਜੀਵਨ ਦੇਣ ਵਾਲਾ ਹੈ | ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਹੀ ਇਸ ਸੰਸਾਰ ਨੂੰ ਚੇਤਨਸੱਤਾ ਦੇਣ ਵਾਲਾ ਹੈ| ਹਰ ਹਿਰਦੇ ਘਰ ਵਿਚ ਵਸਣ ਵਾਲਾ ਪ੍ਰਭੂ ਹਮੇਸ਼ਾ ਹੀ ਅੰਗ ਸੰਗ ਰਹਿਣ ਵਾਲਾ ਹੈ |
ਧਰਣੀਧਰ ਈਸ ਨਰਸਿੰਘ ਨਾਰਾਇਣ ॥ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥
ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥
ਪਦ ਅਰਥ :
- ਧਰਣੀਧਰ: ਧਰਤੀ ਦਾ ਆਸਰਾ/ਟੇਕ ਭਾਵ ਕਰਤਾ/ਸਿਰਜਣਹਾਰ
- ਈਸ: ਮਾਲਕ, ਈਸ਼ਵਰ
- ਨਰਸਿੰਘ: ਆਤਮਿਕ ਤੌਰ ਤੇ ਖ਼ਤਮ ਕਰ ਦੇਣ ਵਾਲੀ ਵੀਚਾਰਧਾਰਾ ਨੂੰ ਖ਼ਤਮ ਕਰ ਦੇਣ ਵਾਲਾ ਪ੍ਰਭੂ ਦਾ ਬਖਸਿਆ ਹੋਇਆ ਆਤਮਕ ਗਿਆਨ / ਵਿਕਾਰਾਂ ਨੂੰ ਖਤਮ ਕਰਕੇ ਆਤਮਿਕ ਜੀਵਨ ਦੇਣ ਵਾਲਾ
- ਨਾਰਾਇਣ: ਸਭ ਨਰਾਂ ਵਿਚ ਨਿਵਾਸ ਕਰਤਾ, ਪਾਰਬ੍ਰਹਮ, ਕਰਤਾਰ, ਵਿਆਪਕ ਹਰਿ
- ਦਾੜਾ: ਜਾੜ੍ਹ. ਦਾੜ੍ਹ, ਹੁੱਡ
- ਅਗ੍ਰੇ: ਅੱਗੇ ਲੱਗਣ ਵਾਲੇ।
- ਦਾੜਾ ਅਗ੍ਰੇ : ਮੂਹਰਲੀਆਂ ਹੁੱਡਾਂ
- ਪ੍ਰਿਥਮਿ: ਪ੍ਰਿਥਵੀ, ਧਰਤੀ
- ਧਰਾਇਣ: ਧਾਰਣ ਕਰਨ ਵਾਲਾ
- ਬਾਵਨ ਰੂਪੁ : ਬੌਣਾ, ਛੋਟਾ, ਸੂਖਮ ਆਕਾਰ
ਅਰਥ :
ਹੇ ਪ੍ਰਭੂ, ਤੂੰ ਹੀ ਇਸ ਧਰਤੀ ਦਾ ਆਸਰਾ ਹੈਂ , ਤੂੰ ਹੀ ਇਸਦਾ ਮਾਲਕ ਹੈ | ਤੂੰ ਹੀ ਆਤਮਿਕ ਜੀਵਨ ਦੀ ( ਵਿਕਾਰਾਂ ਤੋਂ ) ਰੱਖਿਆ ਕਰਨ ਵਾਲਾ ਹੈ | ਤੇ ਹਰ ਜਗ੍ਹਾ ਵਿਆਪਕ ਹੈਂ | ਤੂੰ ਹੀ ਇਸ ਪ੍ਰਿਥਵੀ ਨੂੰ ( ਵਿਕਾਰਾਂ ਦੇ ਸਮੁੰਦਰ ਤੋਂ ) ਬਚਾ ਕੇ ਆਪਣੀਆਂ (ਹੁਕਮ ਰੂਪੀ) ਹੁੱਡਾਂ ਤੇ ਧਾਰਨ ਕਰ ਰੱਖਿਆ ਹੈ | ਤੂੰ ਹੀ ਸੂਖਮ ਆਕਾਰ ਬਣਾਇਆ ਹੈ ( ਭਾਵ ਸੂਖਮ ਤੋਂ ਸੂਖਮ ਜੀਵ ਵਿਚ ਵੀ ਪ੍ਰਭੂ ਆਪ ਵੱਸਦਾ ਹੈ), ਅਤੇ ਤੂੰ ਸਭ ਨਾਲ ਭਲਾਈ ਕਰਨ ਵਾਲਾ ਹੈਂ | (ਭਾਵ ਤੂੰ ਸਭ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਦਾ ਹੈਂ |)
(ਹਿੰਦੂ ਧਰਮ ਗ੍ਰੰਥਾਂ ਅਨੁਸਾਰ ਵਿਸ਼ਨੂੰ ਨੇ ਵਰਾਹ ਅਵਤਾਰ ਧਾਰ ਕੇ ਧਰਤੀ ਨੂੰ ਆਪਣੀਆਂ ਹੁੱਡਾਂ ਊਪਰ ਚੁੱਕ ਕੇ ਸਮੁੰਦਰ ਵਿੱਚੋ ਬਾਹਰ ਕੱਢਿਆ ਸੀ | ਜਿਸਨੂੰ ਹਿਰਾਨਯਕ੍ਸ਼ ਨੇ ਚੋਰੀ ਕਰ ਕੇ ਸਮੁੰਦਰ ਵਿਚ ਛੁਪਾ ਦਿੱਤਾ ਸੀ | ਪਰ ਗੁਰੂ ਸਾਹਿਬ ਨੇ ਕਿਸੇ ਬਲਦ ਜਾਂ ਹੋਰ ਜੀਵ ਵਲੋਂ ਧਰਤੀ ਨੂੰ ਧਾਰਨ ਕਰਨ ਦੀ ਵਿਚਾਰਧਾਰਾ ਨੂੰ "ਜਪੁ ਜੀ ਸਾਹਿਬ ਦੀ ੧੬ਵੀਂ ਪੌੜੀ ਵਿਚ ਹੀ ਰੱਦ ਕਰ ਦਿੱਤਾ ਸੀ, ਤੇ ਸਮਝਿਆ ਸੀ ਕਿ ਧਰਤੀ ਅਕਾਲ ਪੁਰਖ ਦੇ ਹੁਕਮ ਵਿਚ ਟਿਕੀ ਹੋਈ ਹੈ |
ਵਿਸ਼ਨੂੰ ਦੇ ਅਵਤਾਰਾਂ ਦੇ ਨਾਮ ਸੰਕੇਤਕ ਹਨ | ਨਰਸਿੰਘ : ਸੱਚ ਦੀ ਵਿਚਾਰਧਾਰਾ ਦੇ ਰੱਖਿਅਕ ਦਾ ਪ੍ਰਤੀਕ ਹੈ | ਵਰਾਹ: ਪਦਾਰਥਵਾਦ ਦੇ ਮੋਹ ਤੋਂ ਉੱਪਰ ਉੱਠ ਕੇ ਆਤਮਿਕ ਗਿਆਨ ਵੱਲ ਵਧਣ ਦਾ ਪ੍ਰਤੀਕ ਹੈ |)
ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ ॥ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥
ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥੪॥
ਪਦ ਅਰਥ :
- ਸ੍ਰੀ : ਪੂਜਨੀਕ
- ਰਾਮ : ਰਮਿਆ ਹੋਇਆ |
- ਚੰਦ : ਸ਼ੀਤਲਤਾ ਦਾ ਚਿਨ੍ਹ ਵਜੋਂ ਵਰਤਿਆ ਗਿਆ ਹੈ |
- ਰੂਪੁ : ਆਕਾਰ
- ਰੇਖਿਆ : ਲਕੀਰ, ਚਿਨ੍ਹ
- ਬਨ: ਬਨਸਪਤੀ
- ਵਾਲੀ: ਵਾਲੀ ਵਾਰਸ , ਮਾਲਕ
- ਬਨਵਾਲੀ : ਸਾਰੀ ਬਨਸਪਤੀ ਦਾ ਮਾਲਕ , ਭਾਵ ਸ੍ਰਿਸ਼ਟੀ ਦਾ ਮਾਲਕ
- ਚਕ੍ਰਪਾਣਿ: ਹੱਥ ਵਿਚ ਚੱਕਰ
- ਦਰਸਿ: ਦਰਸ਼ਨ , ਦੀਦਾਰ
- ਅਨੂਪਿਆ: ਅਨੁਪਮਤਾ ਵਾਲਾ
- ਸਹਸ: ਹਜ਼ਾਰਾਂ
- ਨੇਤ੍ਰ : ਅੱਖਾਂ
- ਮੂਰਤਿ ਹੈ ਸਹਸਾ : ਹਜ਼ਾਰਾਂ ਹੀ ਸਰੀਰ ਹਨ
ਅਰਥ:
ਸ਼ੀਤਲ ਸੁਭਾ ਵਾਲਾ ਪੂਜਨੀਕ ਪ੍ਰਭੂ ਹਰ ਥਾਂ ਤੇ ਰਮਿਆ ਹੋਇਆ ਹੈ, ਜਿਸਦਾ ਕੋਈ ਆਕਾਰ ਜਾਂ ਚਿਨ੍ਹ ਨਹੀਂ ਹੈ | ਤੂੰ ਹੀ ਸਾਰੀ ਬਨਸਪਤੀ ਦਾ ਮਾਲਕ ਹੈਂ ਤੇ ਸਾਰੀ ਸ਼੍ਰਿਸ਼ਟੀ ਦਾ ( ਉਤਪਤੀ ਤੋਂ ਵਿਨਾਸ਼ ਤਕ ਦਾ ) ਚੱਕਰ ਤੇਰੇ ਹੀ ਹੱਥ ਵਿਚ ਹੈ | ਤੇਰਾ ਦੀਦਾਰ ਅਨੁਪਮਤਾ ਵਾਲਾ ਹੈ | ਹੇ ਪ੍ਰਭੂ! ਤੇਰੇ ਹਜ਼ਾਰਾਂ ਨੇਤਰ ਹਨ, (ਤੇਰੀਆਂ) ਹਜਾਰਾਂ ਦੇਹਾਂ ( ਸਰੀਰ) ਹਨ, ਤੂੰ ਹੀ ਇਕ ਦਾਤਾ ਹੈਂ (ਬਾਕੀ) ਸਾਰਾ (ਜਗਤ ਤੇਰੇ ਦਰ ਦਾ) ਮੰਗਤਾ ਹੈ |
ਭਗਤਿ ਵਛਲੁ ਅਨਾਥਹ ਨਾਥੇ ॥ਗੋਪੀ ਨਾਥੁ ਸਗਲ ਹੈ ਸਾਥੇ ॥
ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ ॥੫॥
ਪਦ ਅਰਥ :
- ਭਗਤਿ : ਸੇਵਾ, ਸੇਵਕ
- ਵਛਲੁ: ਪਿਆਰ ਕਰਨ ਵਾਲਾ,
- ਅਨਾਥਹ ਨਾਥੇ : ਲਾਵਰਿਸਾਂ ਦਾ ਮਾਲਕ
- ਗੋਪੀ: ਇੰਦ੍ਰੀਆਂ , ਗਵਾਲਣਾ
- ਗੋਪੀ ਨਾਥੁ : ਇੰਦ੍ਰੀਆਂ ਦਾ ਸੁਆਮੀ | ਇੰਦ੍ਰੀਆਂ ਨੂੰ ਕਾਬੂ ਵਿਚ ਰੱਖਣ ਵਾਲਾ
- ਸਗਲ ਹੈ ਸਾਥੇ : ਸਭ ਦੇ ਨਾਲ ਹੈਂ
- ਸਾਥੇ: ਨਾਲ , ਅੰਗ ਸੰਗ
- ਬਾਸੁਦੇਵ : ੧. ਸਰਵਨਿਵਾਸੀ ਪਾਰਬ੍ਰਹਮ. ਕਰਤਾਰ, ਜੋ ਸਭ ਨੂੰ ਆਪਣੇ ਵਿੱਚ ਨਿਵਾਸ ਦਿੰਦਾ ਹੈ ੨. ਧਨ ਪਦਾਰਥ ਦੇਣ ਵਾਲਾ
- ਨਿਰੰਜਨ : ਮਾਇਆ ਦੀ ਕਾਲਖ ਤੋਂ ਨਿਰਲੇਪ, ਅੰਜਨ ( ਕਾਲਖ) ਰਹਿਤ )
- ਦਾਤੇ : ਦਾਤਾਂ ਦੇਣ ਵਾਲਾ
- ਬਰਨਿ ਨ ਸਾਕਉ : ਵਰਨਣ ਨਹੀਂ ਕਰ ਸਕਦਾ
- ਅੰਗਾ: ਬਹੁਤ
ਅਰਥ :
ਪ੍ਰਭੂ, ਤੂੰ ਸੇਵਕਾਂ ਨੂੰ ਪਿਆਰ ਕਾਰਨ ਵਾਲਾ ਹੈਂ ਅਤੇ ਲਾਵਰਿਸਾਂ ਦਾ ਮਾਲਕ ਹੈਂ | ਤੂੰ ਇੰਦ੍ਰੀਆਂ ਕਾਬੂ ਵਿਚ ਰੱਖਣ ਵਾਲਾ ਹੈਂ ਤੇ ਸਭ ਦੇ ਅੰਗ ਸੰਗ ਹੈਂ | ਹੇ, ਮਾਇਆ ਤੋਂ ਨਿਰਲੇਪ, ਸਰਬ-ਨਿਵਾਸੀ ਪ੍ਰਭੂ, ਤੂੰ ਹੀ ਸਭ ਨੂੰ ਧਨ ਪਦਾਰਥ ਦੇਣ ਵਾਲਾ ਹੈਂ | ਤੇਰੇ ਹੋਰ ਬਹੁਤ ਗੁਣ ਹਨ ਜੋ ਵਰਨਣ ਨਹੀਂ ਕੀਤੇ ਜਾ ਸਕਦੇ |
ਮੁਕੰਦ ਮਨੋਹਰ ਲਖਮੀ ਨਾਰਾਇਣ ॥ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥
ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥੬॥
ਪਦ ਅਰਥ :
- ਮੁਕੰਦ : ਮੁਕਤੀ ਦੇਣ ਵਾਲਾ
- ਮਨੋਹਰ : ਮਨ ਨੂੰ ਮੋਹ ਲੈਣ ਵਾਲਾ
- ਲਖਮੀ : ਮਾਇਆ
- ਲਖਮੀ ਨਾਰਾਇਣ : ਮਾਇਆ ਦਾ ਪਤੀ ਭਾਵ ਅਕਾਲ ਪੁਰਖ
- ਦ੍ਰੋਪਤੀ : ਦ੍ਰੋਪਤੀ ਇਥੇ ਜੀਵਾਤਮਾ ਦੀ ਸੰਕੇਤਕ ਹੈ ਜਿਹੜੀ ਵਿਕਾਰਾਂ ( ਕੌਰਵਾਂ ) ਹੱਥੋਂ ਬੇ-ਆਬਰੂ ਹੋ ਰਹੀ ਹੈ
- ਲਜਾ : ਇੱਜ਼ਤ, ਲਾਜ
- ਨਿਵਾਰਿ : ਬਚਾਉਣਾ,
- ਉਧਾਰਣ : ਮੁਕਤ ਕਰ ਦੇਣਾ
- ਕਮਲਾਕੰਤ : ਕਮਲਾ (ਲਕ੍ਸ਼੍ਮੀ) ਦਾ ਕਾਂਤ (ਪਤੀ)। ਅਕਾਲ ਪੁਰਖ, ਜਿਸ ਦੀ ਮਾਇਆ ਦਾਸੀ ਹੈ
- ਕੰਤੂਹਲ : ਕੌਤਕ ਤਮਾਸ਼ੇ
- ਅਨਦ ਬਿਨੋਦੀ : ਆਨੰਦ ਮਾਣਨ ਵਾਲਾ
- ਨਿਹਸੰਗਾ : ਨਿਰਲੇਪ ਰਹਿਣ ਵਾਲਾ
ਅਰਥ :
ਹੇ ਪ੍ਰਭੂ, ਮੁਕਤੀ ਦੇਣ ਵਾਲਾ ਤੇ ਮਨ ਨੂੰ ਮੋਹ ਲੈਣ ਵਾਲਾ, ਮਾਇਆ ਦਾ ਪਤੀ ਤੂੰ ਹੀ ਹੈਂ ( ਭਾਵ ਮਾਇਆ ਵੀ ਅਕਾਲ ਪੁਰਖ ਦੇ ਹੁਕਮ ਵਿਚ ਹੈ ) | ਤੂੰ ਹੀ ( ਵਿਕਾਰਾਂ ਹੱਥੋਂ ) ਬੇ-ਪੱਤ ਹੋ ਰਹੀ ਦ੍ਰੋਪਤੀ ( ਭਾਵ ਜੀਵ ਇਸਤਰੀ / ਜੀਵ ਆਤਮਾ ) ਦੀ ਇੱਜ਼ਤ ਬਚਾ ਕੇ ਉਸਨੂੰ ਮੁਕਤ ਕਰਨ ਵਾਲਾ ਹੈਂ |
ਹੇ ਮਾਇਆ ਦੇ ਸਵਾਮੀ ( ਅਕਾਲ ਪੁਰਖ ), ਤੂੰ ਅਨੇਕਾਂ ਹੀ ਕੌਤਕ ਕਰਦਾ ਹੈਂ ਤੇ ਆਨੰਦ ਮਾਣਦਾ ਹੈਂ , ਪਰ ਫਿਰ ਵੀ ਇਹਨਾਂ (ਰੰਗ ਤਮਾਸ਼ਿਆਂ) ਤੋਂ ਨਿਰਲੇਪ ਰਹਿੰਦਾ ਹੈਂ |
ਅਮੋਘ ਦਰਸਨ ਆਜੂਨੀ ਸੰਭਉ ॥ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ ॥
ਅਬਿਨਾਸੀ ਅਬਿਗਤ ਅਗੋਚਰ ਸਭੁ ਕਿਛੁ ਤੁਝ ਹੀ ਹੈ ਲਗਾ ॥੭॥
ਪਦ ਅਰਥ :
- ਅਮੋਘ ਦਰਸਨ : ਜਿਸ ਦਾ ਦਰਸ਼ਨ ਨਿਸਫਲ ਨਾ ਹੋਵੇ
- ਆਜੂਨੀ : ਜੋ ਜੂਨਾਂ ਵਿੱਚ ਨਹੀਂ ਆਉਂਦਾ
- ਸੰਭਉ : ਜੋ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ
- ਅਕਾਲ ਮੂਰਤਿ : ਕਾਲ / ਮੌਤ ਤੋਂ ਰਹਿਤ ਸਰੂਪ
- ਖਉ : ਨਾਸ ਹੋਣਾ
- ਅਬਿਨਾਸੀ : ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ
- ਅਬਿਗਤ :ਜੋ ਜਾਣਿਆ ਨਾ ਜਾ ਸਕੇ, ਜੋ ਨਾਸ਼ ਨਾ ਹੋਵੇ
- ਅਗੋਚਰ: ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ, ਗੁਪਤ, ਅਦ੍ਰਿਸ਼ਟ
- ਲਗਾ : ਆਸਰੇ
ਅਰਥ :
ਹੇ, ਜੂਨਾਂ ਤੋਂ ਰਹਿਤ, ਆਪਣੇ ਆਪ ਤੋਂ ਪ੍ਰਕਾਸ਼ਮਾਨ ਪ੍ਰਭੂ, ਤੇਰਾ ਦਰਸ਼ਨ ਕਦੀ ਨਿਸ਼ਫਲ ਨਹੀਂ ਹੁੰਦਾ| ਤੇਰਾ ਸਰੂਪ ਕਦੇ ਨਾਂ ਨਾਸ਼ ਹੋਣ ਵਾਲਾ ਤੇ ਮੌਤ ਤੋਂ ਰਹਿਤ ( ਅਕਾਲ) ਹੈਂ | ( ਭਾਵ ਜਿਸ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ)
ਹੇ ਨਾਸ਼-ਰਹਿਤ, ਅਦ੍ਰਿਸ਼ਟ ਪ੍ਰਭੂ, ( ਇਸ ਬ੍ਰਹਮੰਡ ਵਿਚ) ਸਭ ਕੁਛ ਤੇਰੇ ਹੀ ਆਸਰੇ ਹੈ |
ਸ੍ਰੀਰੰਗ ਬੈਕੁੰਠ ਕੇ ਵਾਸੀ ॥ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥
ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ ॥੮॥
ਪਦ ਅਰਥ :
- ਸ੍ਰੀਰੰਗ : ਸ਼੍ਰੀ (ਲੱਛਮੀ / ਮਾਇਆ) ਤੋਂ ਰੰਗ (ਨਾਚ) ਕਰਾਉਣ ਵਾਲਾ ਕਰਤਾਰ
- ਬੈਕੁੰਠ : ਜਿਸ ਦੀ ਅਨੇਕ ਪ੍ਰਕਾਰ ਦੀ ਕੁੰਠਾ (ਮਾਯਾ) ਹੈ, ਉਸ ਦੇ ਰਹਿਣ ਦੀ ਥਾਂ |
- ਮਛੁ : ਮੱਛੀ ਵਰਗੇ ਜਲ ਵਿਚ ਰਹਿਣ ਵਾਲੇ ਜੀਵ
- ਕਛੁ ਕੂਰਮੁ : ਕਛੁ ਕੁੰਮਾ ਵਰਗੇ ਥਲ / ਧਰਤੀ ਤੇ ਰਹਿਣ ਵਾਲੇ ਜੀਵ
- ਮਛੁ ਕਛੁ ਕੂਰਮੁ : ਭਾਵ ਜਲ ਵਿਚ ਅਤੇ ਥਲ ਤੇ ਰਹਿਣ ਵਾਲੇ ਜੀਵ, ਸਾਰੀ ਸ੍ਰਿਸ਼ਟੀ
- ਆਗਿਆ : ਹੁਕਮ ਵਿਚ
- ਅਉਤਰਾਸੀ : ਅਵਤਾਰ ਧਾਰਨਾ , ਜਨਮ ਲੈਣਾ
- ਕੇਸਵ : ਸੁੰਦਰ ਕੇਸ਼ਾਂ ਵਾਲਾ, ਕ (ਬ੍ਰਹਮਾ) ਈਸ਼ (ਸ਼ਿਵ), ਇਨ੍ਹਾਂ ਪਰ ਦਇਆ ਕਰਨ ਵਾਲਾ, ਅਕਾਲ ਪੁਰਖ
ਹਿੰਦੂ ਗ੍ਰੰਥਾਂ ਮੁਤਾਬਿਕ ਬ੍ਰਹਮਾ ਇਸ ਸੰਸਾਰ ਦੇ ਜੀਵਾਂ ਨੂੰ ਜਨਮ ਦੇਣ ਵਾਲਾ ਤੇ ਤੇ ਸ਼ਿਵ ਓਹਨਾ ਨੂੰ ਮਾਰਨ ਵਾਲਾ ਮੰਨਿਆ ਜਾਂਦਾ ਹੈ | ਸੋ ਇਥੇ ਕੇਸਵ ਤੋਂ ਭਾਵ ਉਸ ਸਰਬ - ਸ਼ਕਤੀਮਾਨ ਪ੍ਰਮਾਤਮਾ ਤੋਂ ਹੈ ਜੋ ਜੀਵਨ ਤੇ ਮੌਤ ਦੇਣ ਦੇ ਸਮਰੱਥ ਹੈ |
- ਚਲਤ : ਕੌਤਕ
- ਨਿਰਾਲੇ : ਅਨੋਖੇ
- ਕੀਤਾ ਲੋੜਹਿ : (ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ
ਅਰਥ :
ਹੇ, ਮਾਇਆ ਦੇ ਪਤੀ ਅਕਾਲ ਪੁਰਖ, ਤੂੰ ਹੀ ਬੈਕੁੰਠ ਵਿਚ ਵਾਸ ਕਰਨ ਵਾਲਾ ਹੈਂ | ਮੱਛੀਆਂ, ਕੱਛੂਕੁੰਮੇ ਆਦਿਕ ਜੀਵ ( ਭਾਵ ਜਲ ਵਿਚ ਅਤੇ ਥਲ ਤੇ ਰਹਿਣ ਵਾਲੇ ਜੀਵ, ਭਾਵ ਸਾਰੀ ਸ੍ਰਿਸ਼ਟੀ ) ਤੇਰੀ ਆਗਿਆ ਵਿਚ ਹੀ ਜਨਮ ਲੈਂਦੇ ਹਨ |
ਹੇ ! ਜੀਵਨ ਤੇ ਮੌਤ ਦੇਣ ਦੇ ਸਮਰੱਥ ਪ੍ਰਭੂ, ਤੂੰ ਅਨੋਖੇ ਕੌਤਕ ਕਰਦਾ ਹੈਂ | ਜੋ ਕੁਛ ਤੈਨੂੰ ਚੰਗਾ ਲੱਗਦਾ ਹੈ ਓਹੀ ਹੁੰਦਾ ਹੈ ( ਸਭ ਕੁਛ ਤੇਰੇ ਭਾਣੇ ਵਿਚ ਹੈ|)
ਨਿਰਾਹਾਰੀ ਨਿਰਵੈਰੁ ਸਮਾਇਆ ॥ਧਾਰਿ ਖੇਲੁ ਚਤੁਰਭੁਜੁ ਕਹਾਇਆ ॥
ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਨਤ ਸਭ ਮੋਹੈਗਾ ॥੯॥
ਪਦ ਅਰਥ :
- ਨਿਰਾਹਾਰੀ : ਨਿਰ-ਆਹਾਰੀ {ਆਹਾਰ = ਖ਼ੁਰਾਕ}, ਅੰਨ ਤੋਂ ਬਿਨਾ ਜੀਊਂਦਾ ਰਹਿਣ ਵਾਲਾ
- ਨਿਰਵੈਰੁ : ਜਿਸਦਾ ਕਿਸੇ ਨਾਲ ਵੈਰ ਨਹੀਂ |
- ਸਮਾਇਆ : ਸਭ ਵਿਚ ਵਿਆਪਕ
- ਧਾਰਿ: ਧਾਰਿਆ, ਰਚਿਆ
- ਖੇਲੁ : ਜਗਤ ਦਾ ਖੇਲ ਤਮਾਸ਼ਾ
- ਚਤੁਰਭੁਜੁ: ਕਰਤਾਰ, ਜੋ ਚਾਰ ਦਿਸ਼ਾ ਨੂੰ ਭੁਜ (ਪਾਲਨ) ਕਰਦਾ ਹੈ.
- ਸਾਵਲ: ਸਾਂਵਲੇ
- ਸੁੰਦਰ : ਸੋਹਣੇ
- ਬੇਣੁ : ਬੰਸਰੀ ( ਮਾਇਆ ਦੀ ਸੰਕੇਤਕ ਹੈ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਮੋਹ ਰੱਖਿਆ ਹੈ )
- ਮੋਹੈਗਾ: ਮੋਹ ਲੈਣਾ
ਅਰਥ :
ਹੇ ਪ੍ਰਭੂ! ਤੂੰ ਅੰਨ ਖਾਣ ਤੋਂ ਬਿਨਾ ਜੀਊਂਦਾ ਰਹਿਣ ਵਾਲਾ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੂੰ ਸਭ ਵਿਚ ਵਿਆਪਕ ਹੈਂ। ਤੂੰ ਹੀ ਇਸ ਜਗਤ ਦਾ ਖੇਲ ਤਮਾਸ਼ਾ ਰਚ ਕੇ ਸਭ ਦਾ ਪਾਲਣ ਕਰਨ ਵਾਲਾ ਹੈਂ | ਤੂੰ ਹੀ ਸਾਂਵਲੇ ( ਕਾਲੇ ) ਤੇ ਸੋਹਣੇ ਸਰੂਪ ਸਿਰਜਦਾ ਹੈਂ, ਤੇ ਤੇਰੀ ਮਾਇਆ ਰੂਪੀ ਬੰਸਰੀ (ਸੁਨਣ ) ਨਾਲ ਸਭ ਨੂੰ ਮੋਹ ਲੈਂਦਾ ਹੈਂ |
ਬਨਮਾਲਾ ਬਿਭੂਖਨ ਕਮਲ ਨੈਨ ॥ਸੁੰਦਰ ਕੁੰਡਲ ਮੁਕਟ ਬੈਨ ॥
ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥
ਪਦ ਅਰਥ :
- ਬਨਮਾਲਾ: ਜੰਗਲੀ ਫੁੱਲਾਂ ਦੀ ਮਾਲਾ, ਵਨਸ੍ਪਤਿ ਰੂਪ ਮਾਲਾ
- ਬਿਭੂਖਨ: ਗਹਿਣਾ. ਜ਼ੇਵਰ
- ਕਮਲ ਨੈਨ : ਕਮਲ ਫੁੱਲ ਵਰਗੇ ਸੋਹਣੇ ਨੈਣ |
"ਕਮਲ ਨੈਣ" ਇਥੇ ਕਮਲ ਫੁੱਲ ਵਾਂਗ (ਇਸ ਸੰਸਾਰ ਦੀ ਮੋਹ ਮਾਇਆ ਦੇ) ਚਿੱਕੜ ਤੋਂ ਨਿਰਲੇਪ ਦ੍ਰਿਸ਼ਟੀ ਦਾ ਸੰਕੇਤਕ ਹੈ )
- ਸੁੰਦਰ : ਸੋਹਣਾ
- ਕੁੰਡਲ : ਘੇਰਾ. ਦਾਇਰਾ ( ਪ੍ਰਿਥਵੀ ਦੇ ਘੇਰੇ ਦਾ ਸੰਕੇਤਕ )
- ਮੁਕਟ : ਸਿਰ ਨੂੰ ਸੁਰੱਖਿਅਤ ਰੱਖਣ ਵਾਲਾ ( ਹੈਲਮੇਟ ) :
- ਬੈਨ: ਵਚਨ, ਵਾਣੀ
- ਸੰਖ : ਅਕਾਲ ਪੁਰਖ ਦੇ ਸ਼ਬਦ / ਹੁਕਮ ਦਾ ਸੰਕੇਤਕ ਹੈ
- ਚਕ੍ਰ : ਇਸ ਬ੍ਰਹਮੰਡ ਵਿਚ ਅਕਾਲ ਪੁਰਖ ਦੇ ਇਕ ਰਸ ਵਰਤਾਰੇ ਦਾ ਸੰਕੇਤਕ ਹੈ
- ਗਦਾ : ਅਕਾਲ ਪੁਰਖ ਦੇ ਸਰਵ ਸ਼ਕਤੀਮਾਨ ਹੋਣ ਦਾ ਸੰਕੇਤਕ ਹੈ
- ਮਹਾ ਸਾਰਥੀ : ਵਡਾ ਰਥਵਾਹੀ, ਇਸ ਸ੍ਰਿਸ਼ਟੀ ਦਾ ਰੱਥ ਚਲਾਉਣ ਵਾਲਾ
- ਸਤਸੰਗਾ : ਜਿਸ ਦਾ ਮਿਲਾਪ ਸ਼ੁਭ ਫਲ ਦੇਣਵਾਲਾ ਹੈ.
ਅਰਥ :
ਹੇ ਪ੍ਰਭੂ, ਇਹ ਬਨਸਪਤੀ ਰੂਪੀ ਮਾਲਾ ਹੀ ਤੇਰਾ ਗਹਿਣਾ ਹੈ ਤੇ ਤੂੰ ਸਭ ਤੇ ਆਪਣੀ ਦਇਆ ਦ੍ਰਿਸ਼ਟੀ ਕਰ ਕੇ ਵਿਗਸਦਾ ਹੈਂ | ਤੂੰ ਹੀ (ਸ੍ਰਿਸ਼ਟੀ ਦੇ ) ਇਸ ਸੁੰਦਰ ਘੇਰੇ ਨੂੰ ਸੁਰਖਿਆ ਪ੍ਰਦਾਨ ਕਰਨ ਵਾਲਾ ਤੇ ਸੋਹਣੇ ਵਚਨਾਂ ਵਾਲਾ ਹੈਂ |
ਹੇ ਸਰਬਸ਼ਕਤੀਮਾਨ ਪ੍ਰਭੂ, ਤੇਰਾ ਸ਼ੰਖ ( ਰੂਪੀ ਸ਼ਬਦ / ਹੁਕਮ ) ਇਸ ਸ੍ਰਿਸ਼ਟੀ ਵਿਚ ਵੱਜ (ਵਰਤ) ਰਿਹਾ ਹੈ | ਤੂੰ ( ਇਸ ਸ੍ਰਿਸ਼ਟੀ ਦਾ ਰੱਥ ਚਲਾਉਣ ਵਾਲਾ ) ਵੱਡਾ ਰਥਵਾਹਾ ਹੈਂ | ਤੇਰਾ ਮਿਲਾਪ ਸਦਾ ਹੀ ਸ਼ੁਭ ਫਲ ਦੇਣ ਵਾਲਾ ਹੈ |
ਪੀਤ ਪੀਤੰਬਰ ਤ੍ਰਿਭਵਣ ਧਣੀ ॥ਜਗੰਨਾਥੁ ਗੋਪਾਲੁ ਮੁਖਿ ਭਣੀ ॥
ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥੧੧॥
ਪਦ ਅਰਥ :
- ਪੀਤ : ਪਿੱਤਲ ਰੰਗ , ਪੀਲਾ
- ਪੀਤੰਬਰ : ਪੀਤ - ਅੰਬਰ ( ਪੀਲੇ ਬਸਤਰ )
ਕਿਉਂਕਿ ਗੁਰਬਾਣੀ ਅਨੁਸਾਰ ਅਕਾਲ ਪੁਰਖ ਨਿਰਾਕਾਰ ਹੈ ਉਸਦਾ ਕੋਈ ਸਰੂਪ ਨਹੀਂ | ਸੋ ਉਸ ਦਵਾਰਾ ਪੀਲੇ ਪੀਲੇ ਰੰਗ ਦੇ ਵਸਤਰ ਪਹਿਨਣਾ ਇਥੇ ਸੂਰਜ ਦੀ ਰੋਸ਼ਨੀ ਦੇ ਪੀਲੇ / ਬਸੰਤੀ ਰੰਗ ਦਾ ਸੰਕੇਤਕ ਹੈ | ਸਵੇਰ ਹੁੰਦੇ ਸਾਰ ਹੀ ਸੂਰਜ ਦੀ ਸੁਨਹਿਰੀ ਰੋਸ਼ਨੀ ਇਸ ਧਰਤੀ ਨੂੰ ਪੀਲੇ ਰੰਗ ਵਿੱਚ ਰੰਗ ਦਿੰਦੀ ਹੈ | ਸੂਰਜ ਦੀ ਰੋਸ਼ਨੀ ਦਾ ਨਿੱਘ / ਤਪਸ਼ ਇਸ ਸ੍ਰਿਸ਼ਟੀ ਦੇ ਜੀਵਨ ਤੇ ਬਨਸਪਤੀ ਲਈ ਲਾਭਦਾਇਕ ਹੈ | ਚੰਦਰਮਾ ਦੀ ਚਿੱਟੀ ਤੇ ਮੱਧਮ ਰੋਸ਼ਨੀ ਸ਼ੀਤਲਤਾ ਦੇ ਚਿਨ੍ਹ ਦਾ ਸੰਕੇਤ ਹੈ |
- ਤ੍ਰਿਭਵਣ : ਤਿੰਨੇ ਭਵਨ
- ਧਣੀ : ਮਾਲਕ
- ਜਗੰਨਾਥੁ : ਜਗਤ ਦੇ ਮਾਲਕ
- ਗੋਪਾਲੁ : ਸ੍ਰਿਸ਼ਟੀ ਨੂੰ ਪਾਲਣ ਵਾਲਾ
- ਮੁਖਿ ਭਣੀ : ਮੁਖ ਤੋਂ ਉਚਾਰਦਾ ਹਾਂ
- ਸਾਰੰਗ: ਸਿੰਗ ਦਾ ਬਣਿਆ ਧਨੁਖ. ਉਹ ਕਮਾਨ, ਜੋ ਸਿੰਗ ਦੇ ਟੁਕੜੇ ਜੋੜਕੇ ਬਣਾਈ ਗਈ ਹੈ
- ਸਾਰਿੰਗਧਰ : ਸਾਰੀ ਪ੍ਰਿਥਿਵੀ ਨੂੰ ਧਾਰਨ ਵਾਲਾ, ਕਰਤਾਰ,
- ਗੁਰਬਾਣੀ ਵਿੱਚ ਸਾਰਿੰਗਧਰ ਸ਼ਬਦ ਸਰਬ-ਸ਼ਕਤੀਸ਼ਾਲੀ ਅਕਾਲ ਪੁਰਖ ਦਾ ਗੁਣਵਾਚਕ ਨਾਮ ਹੈ (ਹਿੰਦੂ ਧਰਮ ਗ੍ਰੰਥ ਅਨੁਸਾਰ ਸਾਰੰਗ ਵਿਸ਼ਨੂੰ ਦਾ ਧਨੁੱਖ ਹੈ ਜੋ ਕੇ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ| ਧਨੁੱਖ / ਕਮਾਨ ਨੂੰ ਇਕਾਗਰਤਾ ਦੇ ਚਿਨ੍ਹ ਵਜੋਂ ਵੀ ਵਰਤਿਆ ਜਾਂਦਾ ਹੈ|)
- ਭਗਵਾਨ : ਅਕਾਲ ਪੁਰਖ , ਪ੍ਰਮਾਤਮਾ
- ਬੀਠੁਲਾ : {वि-स्थल, ਵਿਸ਼ਠਲ, ਵਿੱਠਲ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ
- ਸਰਬੰਗਾ : ਸਰਬ ਅੰਗਾ, ਸਾਰੇ ਗੁਣ
ਅਰਥ :
ਹੇ ਰੋਸ਼ਨੀ ਦੇਣ ਵਾਲੇ ਤਿੰਨੇ ਭਾਵਨਾ ਦੇ ਮਾਲਕ, ( ਮੈਂ ) ਆਪਣੇ ਮੁਖ ਤੋਂ ਤੈਨੂੰ ਹੀ ਜਗਤ ਦਾ ਮਾਲਕ ਤੇ ਸ੍ਰਿਸ਼ਟੀ ਨੂੰ ਪਾਲਣ ਵਾਲਾ ਉਚਾਰਦਾ ਹਾਂ | ਤੂੰ ਹੀ ਸਾਰੀ ਪ੍ਰਿਥਵੀ ਨੂੰ ਧਾਰਨ ਵਾਲਾ ਸਰਬ ਸ਼ਕਤੀਸ਼ਾਲੀ ਤੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿਣ ਵਾਲਾ ਭਗਵਾਨ ਹੈਂ | ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ|
ਨਿਹਕੰਟਕੁ ਨਿਹਕੇਵਲੁ ਕਹੀਐ ॥ਧਨੰਜੈ ਜਲਿ ਥਲਿ ਹੈ ਮਹੀਐ ॥
ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥
ਪਦ ਅਰਥ :
- ਨਿਹਕੰਟਕੁ: {ਕੰਟਕੁ = ਕੰਡਾ, ਵੈਰੀ} ਜਿਸ ਦਾ ਕੋਈ ਵੈਰੀ ਨਹੀਂ।
- ਨਿਹਕੇਵਲੁ : ਵਾਸਨਾ-ਰਹਿਤ, ਪਰਮ-ਸ਼ੁੱਧ, ਖਾਲਿਸ
- ਧਨੰਜੈ : ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ
- ਮਹੀਐ : ਧਰਤੀ ਉੱਤੇ
- ਮਿਰਤ ਲੋਕ : ਮਾਤ ਲੋਕ
- ਪਇਆਲ: ਪਾਤਾਲ
- ਸਮੀਪਤ : ਬਹੁਤ ਨੇੜੇ
- ਅਸਥਿਰ ਥਾਨੁ: ਸਦਾ ਕਾਇਮ ਰਹਿਣ ਵਾਲਾ ਸਥਾਨ
- ਅਭਗਾ: ਅਟੁੱਟ
ਅਰਥ :
ਪਰਮਾਤਮਾ ਦਾ ਕੋਈ ਵੈਰੀ ਨਹੀਂ ਹੈ, ਉਸ ਨੂੰ ਵਾਸਨਾ-ਰਹਿਤ ਆਖਿਆ ਜਾਂਦਾ ਹੈ| ਉਹੀ ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ ਹੈ। ਉਹ ਜਲ ਵਿਚ ਹੈ ਥਲ ਵਿਚ ਹੈ ਧਰਤੀ ਉੱਤੇ (ਹਰ ਥਾਂ) ਹੈ। ਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ। ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ |
ਪਤਿਤ ਪਾਵਨ ਦੁਖ ਭੈ ਭੰਜਨੁ ॥ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥
ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥੧੩॥
ਪਦ ਅਰਥ :
- ਪਤਿਤ : ਵਿਕਾਰਾਂ ਵਿੱਚ ਡਿੱਗੇ ਹੋਏ
- ਪਾਵਨ : ਪਵਿੱਤਰ ਕਰਨ ਵਾਲਾ
- ਭੈ : ਡਰ
- ਭੰਜਨੁ : ਨਾਸ ਕਰਨ ਵਾਲਾ
- ਨਿਵਾਰਣੁ : ਦੂਰ ਕਰਨ ਵਾਲਾ
- ਭਵ ਖੰਡਨੁ : ਜਨਮ ਮਰਨ ਦੇ ਗੇੜ ਵਿੱਚੋ ਕੱਢਣ ਵਾਲਾ
- ਤੋਖਿਤ : ਪ੍ਰਸੰਨ ਹੁੰਦਾ ਹੈ।
- ਗੁਣੇ ਨ ਕਿਤ ਹੀ : ਕਿਸੇ ਭੀ (ਹੋਰ) ਗੁਣ ਨਾਲ
- ਭਿਗਾ: ਭਿੱਜਦਾ, ਪਤੀਜਦਾ
ਅਰਥ :
ਪਰਮਾਤਮਾ, ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ, ਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ। ਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ |
ਨਿਰੰਕਾਰੁ ਅਛਲ ਅਡੋਲੋ ॥ਜੋਤਿ ਸਰੂਪੀ ਸਭੁ ਜਗੁ ਮਉਲੋ ॥
ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥
ਪਦ ਅਰਥ :
- ਨਿਰੰਕਾਰੁ : ਆਕਾਰ - ਰਹਿਤ
- ਅਛਲ : ਜਿਸਨੂੰ ਠੱਗਿਆ ਨਾ ਜਾ ਸਕੇ |
- ਅਡੋਲੋ : ਨਾ ਡੋਲਣ ਵਾਲਾ
- ਮਉਲੋ: ਖਿੜਿਆ ਹੋਇਆ ਹੈ।
- ਆਪਹੁ : ਆਪਣੇ ਯਤਨਾਂ ਨਾਲ
ਅਰਥ :
ਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ।ਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ।(ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ। (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ
ਆਪੇ ਗੋਪੀ ਆਪੇ ਕਾਨਾ ॥ਆਪੇ ਗਊ ਚਰਾਵੈ ਬਾਨਾ ॥
ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥
ਪਦ ਅਰਥ :
- ਗੋਪੀ : ਗੋਪ ਦੀ ਇਸਤ੍ਰੀ. ਗਵਾਲਨ ( ਇਥੇ ਇਹ ਜੀਵ ਇਸਤਰੀ ਦਾ ਸੰਕੇਤਕ ਹੈ )
- ਕਾਨਾ : ਕ੍ਰਿਸ਼ਨ, ਗੋਪੀਆਂ ਦਾ ਸਵਾਮੀ ( ਜੀਵ ਇਸਤਰੀ ਦਾ ਪਤੀ ਭਾਵ, ਅਕਾਲ ਪੁਰਖ )
- ਬਾਨਾ: ਬਣ ਵਿੱਚ , ਜੰਗਲ ਵਿੱਚ
- ਉਪਾਵਹਿ: ਤੂੰ ਪੈਦਾ ਕਰਦਾ ਹੈਂ।
- ਖਪਾਵਹਿ: ਤੂੰ ਨਾਸ ਕਰਦਾ ਹੈਂ।
- ਲੇਪੁ : ਪ੍ਰਭਾਵ, ਅਸਰ, ਦਬਾਉ।
- ਇਕੁ ਤਿਲੁ : ਰਤਾ ਭਰ ਭੀ।
- ਰੰਗਾ : ਦੁਨੀਆ ਦੇ ਰੰਗ-ਤਮਾਸ਼ਿਆਂ ਦਾ
ਅਰਥ :
ਪਰਮਾਤਮਾ ਆਪ ਹੀ ਗੋਪੀਆਂ ( ਭਾਵ ਜੀਵ ਇਸਤਰੀਆਂ ) ਹੈ, ਆਪ ਹੀ ਕ੍ਰਿਸ਼ਨ ( ਭਾਵ ਜੀਵ ਇਸਤਰੀਆਂ ਦਾ ਸਵਾਮੀ ) ਹੈ। ਤੇ ਆਪ ਹੀ ਇਸ (ਸ੍ਰਿਸ਼ਟੀ ਰੂਪੀ) ਜੰਗਲ ਵਿੱਚ ਗਊਆਂ (ਰੂਪੀ ਜੀਵ ਜੰਤੂਆਂ) ਨੂੰ ਚਾਰ ਰਿਹਾ ( ਭਾਵ ਰਿਜਕ ਦੇ ਰਿਹਾ ) ਹੈ | ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ। ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ |
ਏਕ ਜੀਹ ਗੁਣ ਕਵਨ ਬਖਾਨੈ ॥ਸਹਸ ਫਨੀ ਸੇਖ ਅੰਤੁ ਨ ਜਾਨੈ ॥
ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥
ਪਦ ਅਰਥ :
- ਸਹਸ ਫਨੀ ਸੇਖ : ਹਜ਼ਾਰਾਂ ਫਨਾ ਵਾਲਾ ਸੇਖਨਾਗ, ਭਾਵ ਹਜ਼ਾਰਾਂ ਜੀਭਾਂ ਨਾਲ
- ਨਵਤਨ : ਨਵਾਂ
- ਕਹਿ ਸੰਗਾ : ਕਹਿ ਸਕਦਾ
ਅਰਥ :
ਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ? ਹਜ਼ਾਰਾਂ ਫਨਾ ਵਾਲਾ ਸੇਖਨਾਗ ਵੀ ਤੇਰੇ ਗੁਣਾ ਦਾ ਅੰਤ ਨਹੀਂ ਪਾ ਸਕਦਾ | ( ਭਾਵ ਹਜ਼ਾਰਾਂ ਜੀਭਾਂ ਨਾਲ ਵੀ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ )| ਹੇ ਪ੍ਰਭੂ! ਜੇ ਕੋਈ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਰਹੇ, ਤਾਂ ਵੀ ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ |
ਓਟ ਗਹੀ ਜਗਤ ਪਿਤ ਸਰਣਾਇਆ ॥ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥
ਪਦ ਅਰਥ :
- ਗਹੀ : ਫੜੀ
- ਜਗਤ ਪਿਤਾ : ਹੇ ਜਗਤ ਦੇ ਪਿਤਾ
- ਭਇਆਨਕ :ਡਰਾਉਣੇ।
- ਦੁਤਰ: ਜਿਸ ਤੋਂ ਪਾਰ ਲੰਘਣਾ ਔਖਾ ਹੈ।
- ਇਛਾ: ਚੰਗੀ ਭਾਵਨਾ, ਮਿਹਰ ਦੀ ਨਿਗਾਹ।
- ਕਰਿ : ਕਰ ਕੇ।
- ਸੰਗਿ : ਨਾਲ
ਅਰਥ:
ਹੇ ਜਗਤ ਦੇ ਪਿਤਾ! ਮੈਂ ਤੇਰੀ ਓਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ। ਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ। ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ। ਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖ |
ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥
ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥
ਪਦ ਅਰਥ :
- ਦ੍ਰਿਸਟਿਮਾਨ : ਜੋ ਕੁਝ ਦਿੱਸ ਰਿਹਾ ਹੈ
- ਮਿਥੇਨਾ : ਨਾਸਵੰਤ
- ਮਾਗਉ :ਮਾਗਉਂ, ਮੈਂ ਮੰਗਦਾ ਹਾਂ
- ਗੋਬਿਦ : ਇੰਦ੍ਰੀਆਂ ਦਾ ਗ੍ਯਾਤਾ, ਇੰਦ੍ਰੀਆਂ ਦਾ ਪ੍ਰੇਰਕ, ਵਿਸ਼੍ਵ ਦਾ ਗ੍ਯਾਤਾ, ਅੰਤਰਯਾਮੀ
- ਰੇਨਾ : ਚਰਨ-ਧੂੜ
- ਮਸਤਕਿ : ਮੱਥੇ ਉਤੇ।
- ਲਾਇ : ਲਾ ਕੇ।
- ਪਰਮ ਪਦੁ : ਸਭ ਤੋਂ ਉੱਚਾ ਆਤਮਕ ਦਰਜਾ।
- ਪਾਵਉ :ਪਾਵਉਂ, ਮੈਂ ਪ੍ਰਾਪਤ ਕਰਾਂ।
- ਜਿਸੁ ਪ੍ਰਾਪਤਿ : ਜਿਸ ਦੇ ਭਾਗਾਂ ਵਿਚ ਪ੍ਰਾਪਤੀ ਲਿਖੀ ਹੋਈ ਹੈ|
ਅਰਥ:
ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ। ਹੇ ਅੰਤਰਯਾਮੀ ਪ੍ਰਭੂ ! ਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ)। (ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ। ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ |
ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥
ਪਦ ਅਰਥ :
- ਰਿਦੈ : ਹਿਰਦੇ ਵਿਚ
- ਪਰਾਤੇ : ਪਰੋਤੇ
- ਨਾਮ ਨਿਧਾਨੁ : ਨਾਮ ਦਾ ਖ਼ਜ਼ਾਨਾ
- ਅਨਹਦ : ਇਕ-ਰਸ
- ਮਨਿ : ਮਨ ਵਿੱਚ
- ਵਾਜੰਗਾ : ਵੱਜਦੇ ਹਨ
ਅਰਥ :
ਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ, ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ। ਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ। ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ|
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ਸਤਿ ਨਾਮੁ ਤੇਰਾ ਪਰਾ ਪੂਰਬਲਾ ॥
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥
ਪਦ ਅਰਥ :
- ਕਿਰਤਮ : ਬਣਾਏ ਹੋਏ, ਘੜੇ ਹੋਏ।
- ਪਰਾ ਪੂਰਬਲਾ : ਮੁੱਢ-ਕਦੀਮਾਂ ਦਾ।
ਅਰਥ:
ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ। ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)। ਨਾਨਕ! ਆਖਦਾ ਹੈ (ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ|
ਤੇਰੀ ਗਤਿ ਮਿਤਿ ਤੂਹੈ ਜਾਣਹਿ ॥ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥
ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥
ਪਦ ਅਰਥ :
- ਗਤਿ : ਆਤਮਕ ਹਾਲਤ।
- ਮਿਤਿ :ਮਾਤ, ਮਿਣਤੀ।
- ਤੇਰੀ ਗਤਿ ਮਿਤਿ : ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ, ਇਹ ਗੱਲ।
- ਤੈ : ਅਤੇ।
- ਕੋ : ਦਾ।
- ਦਾਸਾ ਸੰਗਾ : ਦਾਸਾਂ ਦੀ ਸੰਗਤ ਵਿਚ
ਅਰਥ:
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ।ਤੂੰ ਆਪ ਹੀ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ। ਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ। ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤ ਵਿਚ ਰੱਖ |
ਇਸ ਸ਼ਬਦ ਦੇ ਅਰਥ ਕਰਨ ਲਈ ਭਾਈ ਹਰਮਨਪ੍ਰੀਤ ਸਿੰਘ ਜੀ (ਕਥਾ ਵਾਚਕ) ਵਲੋਂ ਸਾਂਝੇ ਕੀਤੇ ਤੇ ਭਾਈ ਬਲਦੇਵ ਸਿੰਘ ਜੀ ਟੋਰਾਂਟੋ ਦਵਾਰਾ ਕੀਤੇ ਸ਼ਬਦ - ਅਰਥਾਂ ਤੋਂ ਮੱਦਦ ਲਈ ਗਈ ਹੈ | ਇਸ ਤੋਂ ਇਲਾਵਾ ਪ੍ਰੋ. ਸਾਹਿਬ ਸਿੰਘ ਜੀ ਦੇ ਗੁਰਬਾਣੀ ਟੀਕਾ, ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਤੇ ਹੋਰ ਵੈਬਸਾਈਟਾਂ ਤੋਂ ਪ੍ਰਾਪਤ ਜਾਣਕਾਰੀ ਤੋਂ ਮਦਦ ਲਈ ਗਈ ਹੈ
====================================