Saturday, November 4, 2017

ਕਿਰਤ ਕਰੋ, ਨਾਮ ਜਪੋ, ਵੰਡ ਛਕੋ | ( Kirt karo , Naam japo, wand chhko )


"ਕਿਰਤ ਕਰੋ ਨਾਮ ਜਪੋ ਵੰਡ ਛਕੋ", ਸਿੱਖ ਧਰਮ ਦੇ ਬਾਨੀ, ਜਗਤ ਗੁਰੂ, ਜ਼ਾਹਰ ਪੀਰ , ਮਰਦ ਏ ਕਾਮਿਲ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਮਨੁੱਖਤਾ ਨੂੰ ਦਿੱਤਾ ਗਿਆ ਬੁਨਿਆਦੀ ਸਿਧਾਂਤ ਹੈ, ਜਿਹੜਾ ਹਰ ਇਕ ਪ੍ਰਾਣੀ ਮਾਤਰ ਨੂੰ ਆਪਣੀਆਂ ਦੁਨਿਆਵੀ ਜਿੰਮੇਵਾਰੀਆਂ ਪੂਰੀ-ਆਂ ਕਰਦੇ ਹੋਏ ਸਮਾਜਿਕ ਤੇ ਪਰਿਵਾਰਿਕ ਤਾਣੇ ਬਾਣੇ  ਵਿਚ ਵਿਚਰਦੇ ਹੋਏ, ਇਸ ਸ੍ਰਿਸ਼ਟੀ ਦੇ ਰਚਣਹਾਰ ਅਕਾਲ ਪੁਰਖ ਨਾਲ ਇਕ ਮਿਕ ਹੋਣ ਦਾ ਰਸਤਾ ਦਿਖਾਉਂਦਾ ਹੈ | ਜਿਸ ਸਮੇਂ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਸਿਰਫ ਤੇ ਸਿਰਫ ਇਕ ਅਕਾਲ ਪੁਰਖ ਦੀ ਉਪਾਸਨਾ ਦਾ ਉਪਦੇਸ਼ ਦਿੱਤਾ, ਉਸ ਸਮੇ ਪਰਮਾਤਮਾ ਦਾ ਸੰਕਲਪ ਬਹੁਤ ਹੀ ਗੁੰਝਲਦਾਰ ਤਰੀਕੇ ਨਾਲ ਲੋਕਾਂ ਦੇ ਅੱਗੇ ਰੱਖ ਕੇ, ਸਮੇ ਦੇ ਪੁਜਾਰੀ ਵਰਗ ਨੇ ਸਮਾਜ ਨੂੰ ਭਰਮ ਭੁਲੇਖੇ ਵਿੱਚ ਪਾ ਰੱਖਿਆ ਸੀ | ਉਸ ਗੁੰਝਲਦਾਰ ਤਾਣੇ ਬਾਣੇ ਵਿਚ ਪੁਜਾਰੀ ਨੇ ਬੜੀ ਚਲਾਕੀ ਨਾਲ ਆਪਣੀ ਸਰਦਾਰੀ ਇਸ ਤਰੀਕੇ ਕਾਇਮ ਕੀਤੀ ਹੋਈ ਸੀ ਕਿ ਪਰਮਾਤਮਾ ਦੇ ਮਿਲਾਪ ਦਾ ਕੋਈ ਵੀ ਰਸਤਾ ਪੁਜਾਰੀ ਵਰਗ ਦੀ ਵਿਚੋਲਗੀ ਤੋਂ ਬਿਨਾਂ ਅਸੰਭਵ ਸੀ। ਗੁਰੂ ਸਾਹਿਬ ਨੇ ਪੁਜਾਰੀ ਵਰਗ ਦੀ ਵਿਚੋਲਗੀ ਨੂੰ ਰੱਦ ਕਰਦੇ ਹੋਏ ਮਨੁੱਖ ਨੂੰ ਰੱਬ ਦੇ ਨਾਲ ਇਕ - ਮਿਕ ਹੋਣ ਦਾ ਰਸਤਾ ਦਿਖਾਇਆ |

 (ਪੁਜਾਰੀ ਤੋਂ ਭਾਵ ਹੈ, ਰੱਬ ਤੇ ਇਨਸਾਨ ਦੇ ਵਿਚਕਾਰ ਕੋਈ ਵੀ ਵਿਚੋਲਾ ਜੋ ਰੱਬ ਨਾਲ ਸਿੱਧੀ ਜਾਣ ਪਛਾਣ ਦਾ ਦਾਵਾ ਕਰਦਾ ਹੈ ਲੋਕਾਂ ਦੀਆਂ ਅਰਦਾਸਾਂ ਤੇ ਬੇਨਤੀਆਂ ਰੱਬ ਦੇ ਦਰਬਾਰ ਵਿਚ ਪਹਚਾਉਣ ਦਾ ਪਾਖੰਡ ਕਰਦਾ ਹੈ | ਉਹ ਕਿਸੇ  , ਕੋਈ ਅਖੌਤੀ ਜਥੇਦਾਰ, ਅਖੌਤੀ ਸੰਤ, ਅਖੌਤੀ ਬ੍ਰਹਮਗਿਆਨੀ, ਆ ਕਿਸੇ ਧਾਰਮਿਕ ਸੰਸਥਾ ਦਾ ਮੁਖੀ  ਪ੍ਰਬੰਧਕ ਆਦਿਕ  ਕੋਈ ਵੀ ਹੋ ਸਕਦਾ ਹੈ | )

ਕਿਰਤ ਕਰਨਾ : ਇਕ ਕਿਰਤੀ ਇਨਸਾਨ ( ਕਿਸਾਨ, ਮਜ਼ਦੂਰ, ਕਾਸ਼ਤਕਾਰ, ਡਰੈਵਰ, ਕਲਰਕ , ਡਾਕਟਰ, ਇੰਜਨੀਅਰ, ਫੌਜੀ,  ਦੁਕਾਨਦਾਰ, ਵਪਾਰੀ, ਅਧਿਆਪਕ  ਜਾਂ ਕੋਈ ਹੋਰ ਹੱਥੀਂ ਕਿਰਤ ਕਰਨ ਵਾਲ਼ੇ) ਦੀ ਦਿਹਾੜੀ ਦਾ ਜਿਆਦਾਤਰ ਹਿੱਸਾ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣ ਵਿੱਚ ਗੁਜ਼ਰਦਾ ਹੈ। ਸਾਰੀ ਦਿਹਾੜੀ ਮਿਹਨਤ ਕਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਕੁਛ ਸਮਾਂ ਬਿਤਾਉਣ ਤੋਂ ਬਾਦ ਅਰਾਮ ਕਰਦਾ ਹੈ ਤਾਂ ਕਿ ਅਗਲੇ ਦਿਨ ਦੀ ਹੱਡ ਭੰਨਵੀਂ ਮਿਹਨਤ ਲਈ ਆਪਣੇ ਸਰੀਰ ਨੂੰ ਤਿਆਰ ਕਰ ਸਕੇ। ਅਜਿਹੇ ਵਿੱਚ ਉਸ ਕੋਲ ਭੋਰਿਆਂ ਵਿਚ ਸਮਾਧੀਆਂ ਲਗਾ ਕੇ ਰੱਬ ਦਾ ਨਾਂ ਰਟਨ ਦਾ ਸਮਾਂ ਨਹੀ ਹੁੰਦਾ। ਗੁਰੂ ਸਾਹਿਬ ਨੇ ਇਮਾਨਦਾਰੀ ਤੇ ਮਿਹਨਤ ਨਾਲ , ਬਿਨਾ ਕਿਸੇ ਦਾ ਹੱਕ ਮਾਰੇ ਕੀਤੀ ਹੋਈ ਕਮਾਈ ਨਾਲ ਆਪਣੇ ਜੀਵਨ ਦਾ ਨਿਰਬਾਹ ਕਰਨ ਨੂੰ ਪਰਮਾਤਮਾ ਦੇ ਮਿਲਾਪ ਦੀ ਪਹਿਲੀ ਪੌੜੀ ਦੱਸਿਆ ਅਤੇ  ਇਸ ਸਿਧਾਂਤ ਨੂੰ ਅਮਲੀ ( practical) ਜਾਮਾ ਪਹਿਨਾਉਂਦੇ ਹੋਏ ਆਪ ਕਰਤਾਰਪੁਰ ਵਿਖੇ ਖੇਤੀ ਕਰਨੀ ਸ਼ੁਰੂ ਕੀਤੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਓਹਨਾ ਵਿਹਲੜ ਅਖੌਤੀ ਸੰਤਾਂ, ਬ੍ਰਹਮਗਿਆਨੀਆਂ, ਸਾਧੂਆਂ, ਮਹੰਤਾਂ ਤੇ ਪੁਜਾਰੀਆਂ, (ਜਿਹੜੇ ਅਕਾਲ ਪੁਰਖ ਦੇ ਰਾਹ ਵਿਚ ਵਿਚੋਲੇ ਬਣ ਕੇ ਭੋਲੇ ਭਾਲੇ ਕਿਰਤੀ ਲੋਕਾਂ ਦੀ ਕਮਾਈ ਹੜੱਪ ਜਾਂਦੇ ਸਨ) ਨੂੰ ਲਾਹਨਤ ਪਾਉਂਦੇ ਹੋਏ ਆਖਿਆ  "ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥" (ਸ੍ਰੀ ਗੁਰੂ ਗਰੰਥ ਸਾਹਿਬ ਜੀ  - ਪੰਨਾ : 790 ) 



ਸਲੋਕ ਮਃ ੧ ॥ 
ਗਿਆਨ ਵਿਹੂਣਾ ਗਾਵੈ ਗੀਤ ॥ 
ਭੁਖੇ ਮੁਲਾਂ ਘਰੇ ਮਸੀਤਿ ॥ 
ਮਖਟੂ ਹੋਇ ਕੈ ਕੰਨ ਪੜਾਏ ॥ 
ਫਕਰੁ ਕਰੇ ਹੋਰੁ ਜਾਤਿ ਗਵਾਏ ॥ 
ਗੁਰੁ ਪੀਰੁ ਸਦਾਏ ਮੰਗਣ ਜਾਇ ॥ 
ਤਾ ਕੈ ਮੂਲਿ ਨ ਲਗੀਐ ਪਾਇ ॥ 
ਘਾਲਿ ਖਾਇ ਕਿਛੁ ਹਥਹੁ ਦੇਇ ॥  
ਨਾਨਕ ਰਾਹੁ ਪਛਾਣਹਿ ਸੇਇ ॥੧॥ 

ਸ੍ਰੀ ਗੁਰੂ ਗਰੰਥ ਸਾਹਿਬ ਜੀ  - ਪੰਨਾ : 1245  

ਨਾਮ ਜਪਣਾ: ਨਾਮ ਜਪਣ ਦਾ ਮਤਲਬ ਹੈ ਅਕਾਲ ਪੁਰਖ ਦੇ ਹੁਕਮ ਵਿਚ ਚਲਦੇ ਹੋਏ ਰੱਬੀ ਗੁਣ ( ਦਇਆ, ਨਿਡਰਤਾ , ਨਿਰਵੈਰਤਾ , ਸੰਤੋਖ , ਸੰਜਮ ਆਦਿਕ ) ਧਾਰਨ ਕਰਨੇ | ਜਿਆਦਾਤਰ ਅਸੀਂ ਨਾਮ ਜਪਣ ਦਾ ਮਤਲਬ ਸਿਰਫ ਵਾਹਿਗੁਰੂ, ਵਾਹਿਗੁਰੂ ਦਾ ਰਟਨ ਕਰਨਾ ਹੀ ਸਮਝ ਲੈਂਦੇ ਹਾਂ | ਪਰ ਗੁਰੂ ਨਾਨਕ ਸਾਹਿਬ ਦੀ ਨਿਰਮਲ ਵਿਚਾਰਧਾਰਾ ਵਿਚ ਬਗਲੇ ਵਾਂਙ ਸਮਾਧੀ ਲਗਾ ਕੇ ਕਿਸੇ ਇਕ ਅੱਖਰ ਦਾ ਤੋਤੇ ਵਾਂਙ ਰਟਨ ਕਰੀ ਜਾਣ ਦੀ ਕੋਈ ਮਾਨਤਾ ਨਹੀੰ ਹੈ | ਆਪਣੇ ਜੀਵਨ ਵਿਚ ਸਦਗੁਣ ਧਾਰਨ ਕਰਨੇ ਤੇ ਸਦਕਰਮ ਕਰਨੇ ਹੀ ਅਸਲੀ ਨਾਮ ਜਪਣਾ ਹੈ | ਆਪਣੇ ਮੰਨ ਵਿਚ ਪੂਰਨ ਵਿਸ਼ਵਾਸ ਧਾਰਨ ਕਰਨਾ (ਅੰਧ ਵਿਸਵਾਸ਼ ਨਹੀਂ ) ਕਿ ਸਿਰਫ ਤੇ ਸਿਰਫ ਇਕ ਅਕਾਲ ਪੁਰਖ ਹੀ ਸਾਰੀ ਸ੍ਰਿਸਟਿ ਦੀ ਕਾਰ ਚਲਾ ਰਿਹਾ ਹੈ | ਤੇ ਉਸ ਤੋਂ ਇਲਾਵਾ ਉਸ ਵਰਗਾ ਦੂਜਾ ਹੋਰ ਕੋਈ ਨਹੀਂ | ਅਕਾਲ ਪੁਰਖ ਤੇ ਪੂਰਨ ਵਿਸ਼ਵਾਸ਼ ਕਰਦੇ ਹੋਏ ਇਕਾਗਰਚਿਤ ਹੋ ਕੇ ਉੱਦਮ ਕਰਨਾ ਤੇ ਜੋ ਵੀ ਨਤੀਜਾ ਨਿਕਲੇ ਉਸਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਹੀ ਨਾਮ ਜਪਣਾ ਹੈ | ਇਮਾਨਦਾਰੀ ਨਾਲ ਸੱਚੀ ਸੁੱਚੀ ਕਿਰਤ ਕਰਨਾ ਨਾਮ ਜਪਣ ਦੀ ਪਹਿਲੀ ਪੌੜੀ ਹੈ | ਸੋ ਜਿੰਨੀ ਦੇਰ ਤਕ ਕਿਰਤ ਕਰਨ ਦੇ ਸਿਧਾਂਤ ਨੂੰ ਅਮਲ ਵਿਚ ਨਹੀਂ ਲਿਆਂਦਾ, ਨਾਮ ਨਹੀਂ ਜਪਿਆ ਜਾ ਸਕਦਾ |

ਵੰਡ ਛਕਣਾ: ਜਦ ਕੋਈ ਮਨੁੱਖ ਇਮਾਨਦਾਰੀ ਨਾਲ ਕਿਰਤ ਕਰਦਾ ਹੈ ਤੇ ਅਕਾਲ ਪੁਰਖ ਦੇ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ ਤਾਂ ਉਸ ਨੂੰ ਸੋਝੀ ਆ ਜਾਂਦੀ ਹੈ ਕਿ ਇਹ ਸਾਰਾ ਪਸਾਰਾ ਇਕ ਅਕਾਲ ਪੁਰਖ ਦਾ ਹੀ ਬਣਾਇਆ ਹੋਇਆ ਹੈ ਤੇ ਉਸਦੀ ਜੋਤ ਇਸ ਸਾਰੇ ਪਸਾਰੇ ਵਿਚ ਵਿਚਰ ਰਹੀ ਹੈ | ਜਿਵੇਂ ਜਿਵੇਂ ਇਹ ਸੋਝੀ ਆਉਂਦੀ ਹੈ ਤਾ ਮਨ ਦਾ ਹੰਕਾਰ ਦੂਰ ਹੋ ਜਾਂਦਾ ਹੈ ਤੇ ਹਰ ਇਕ ਇਨਸਾਨ ਦੀ ਜਰੂਰਤ, ਦੁੱਖ ਤਕਲੀਫ ਦਾ ਅਹਿਸਾਸ ਹੋਣ ਲੱਗਦਾ ਹੈ, ਅਤੇ ਸਹਿਜ ਸੁਭਾਅ ਹੀ ਮਨ ਜਰੂਰਤਮੰਦ ਦੀ ਮੱਦਦ ਕਰਨ ਨੂੰ ਤਤਪਰ ਹੋ ਉੱਠਦਾ ਹੈ | ਵੰਡ ਛਕਣ ਦਾ ਸਿਧਾਂਤ ਗੁਰੂ ਕੇ ਲੰਗਰ ਦੀ ਪੰਗਤ ਵਿਚ ,  ਬਿਨਾ ਕਿਸੇ ਜਾਤ, ਧਰਮ, ਵਰਗ ਦਾ ਵਿਤਕਰਾ ਕੀਤੇ, ਬਰਾਬਰ ਬੈਠ ਕੇ ਪ੍ਰਸ਼ਾਦਾ ਛਕਣ ਤੋਂ ਲੈ ਕੇ, ਕਿਸੇ ਵੀ ਜਰੂਰਤਮੰਦ ਦੀਆਂ ਦੁਨਿਆਵੀ ਅਤੇ ਸਮਾਜਿਕ ਜਰੂਰਤਾਂ ਪੂਰੀਆਂ ਕਾਰਨ ਵਿਚ ਉਸਦੀ ਹਰ ਹੀਲੇ ਮੱਦਦ ਕਰਨ ਤਕ ਹਰ ਜਗਾਹ ਲਾਗੂ ਹੁੰਦਾ ਹੈ | ਇਸ ਸਿਧਾਂਤ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਆਪਣੀ ਕਿਰਤ ਕਮਾਈ ਵਿੱਚੋ ਦਸਵੰਧ ( ਆਪਣੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਤੋਂ ਬਾਦ ਕਮਾਈ ਦਾ ਦਸਵਾਂ ਹਿੱਸਾ -੧੦%  ) ਕੱਢ ਕੇ ਲੋਕਾਈ ਦੀ ਸੇਵਾ ਵਿਚ ਲਗਾਉਣ ਦਾ ਹੁਕਮ ਕੀਤਾ |

ਇਸ ਤਰਾਂ "ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ"  ਦੇ ਸਿਧਾਂਤ ਨੂੰ ਅਮਲ਼ੀ ( practical ) ਤੌਰ ਤੇ ਆਪਣੇ ਜੀਵਨ ਵਿਚ ਵਸਾਉਣਾ ਇਕ ਸਵੈ - ਨਿਰਭਰ (Self-sustained) ਸਮਾਜ ਦੀ ਸਿਰਜਣਾ ਦਾ ਮੁੱਢ ਬੰਨ੍ਹਦਾ ਹੈ, ਜਿਥੇ ਸਮਾਜ ਮਿਹਨਤ ਕਰਕੇ ਆਪਣੀਆਂ ਬੁਨਿਆਦੀ ਜਰੂਰਤਾਂ ਆਪ ਪੂਰੀਆਂ ਕਰਨ ਦੇ ਸਮਰੱਥ ਹੈ |

Monday, October 16, 2017

Nihang Singhan de bole - ਨਿਹੰਗ ਸਿੰਘਾਂ ਦੇ ਬੋਲੇ



ਨਿਹੰਗ ਸਿੰਘਾਂ ਦੇ ਬੋਲੇ:
ਡੰਡਾ- ਅਕਲਦਾਨ
ਜੁੱਤੀ- ਅਣਥੱਕ ਸਵਾਰੀ, ਚਰਨਦਾਸੀ
ਛੱਜ - ਅਦਾਲਤੀਆ
ਰਜਾਈ- ਅਫਲਾਤੂਨੀ
ਸੌਣਾ - ਅੜਿੰਗ ਬੜਿੰਗ
ਬੁਖਾਰ- ਆਕੜਭੰਨ
ਦੁੱਧ - ਸਮੁੰਦਰ
ਲੂਣ - ਸਰਬਰਸ
ਸੋਟਾ - ਸਲੋਤਰ
ਥੋੜਾ - ਸਵਾਇਆ
ਇੱਕ- ਸਵਾ ਲੱਖ
ਮੂਲੀ- ਕਰਾੜੀ
ਭੁੱਖ - ਕੜਾਕਾ
ਚਾਕੂ- ਕੋਤਵਾਲ
ਲੱਸੀ - ਖਾਰਾ ਸਮੁੰਦਰ
ਬੀੜੀ ਪੀਣਾ - ਗਧੀ ਚੁੰਘਣਾ
ਡਰਾਕਲ - ਗਿੱਦੜ
ਗੂੰਗਾ - ਗੁਪਤਾ
ਸੂਈ - ਚਲਾਕਣ
ਪਿਸ਼ਾਬ ਕਰਨਾ - ਚੀਤਾ ਭਜਾਉਣਾ
ਗਧਾ - ਥਾਣੇਦਾਰ
ਕੜਛੀ -ਦਿਆਲ ਕੌਰ
ਨੀਂਦ - ਧਰਮਰਾਜ ਦੀ ਧੀ
ਅੱਧੀ ਰੋਟੀ- ਫੱਟੜ ਪ੍ਰਸ਼ਾਦਾ
ਮੱਕੀ -ਬਸੰਤ ਕੌਰ
ਬੈਂਗਣ-ਬਟੇਰਾ
ਗੰਜਾ - ਕਲਗਾ ਸਿੰਘ
ਅੰਨ੍ਹਾ -ਸੂਰਮਾ ਸਿੰਘ
ਇੰਜਣ -ਤੇਜਾ ਸਿੰਘ
ਰੇਲ ਗੱਡੀ - ਭੂਤਨੀ
ਬੱਸ - ਨੱਕ ਵੱਢੀ
ਮੱਛੀ - ਜਲ ਤੋਰੀ
ਮੁਰਗਾ - ਕਾਜ਼ੀ
ਕੁੱਤਾ -ਕੁਤਬਦੀਨ
ਸਾਈਕਲ - ਸ਼ੈਤਾਨੀ ਚਰਖਾ
ਨਲਕਾ - ਦਸ ਨੰਬਰੀਆ
ਧੌਲੇ - ਹੀਰੇ
ਮਿਰਚ - ਲੜਾਕੀ
ਗੰਢਾ = ਰੂਪਾ
ਖੰਡ =ਸਿਰ ਖਿੰਡੀ
ਗੁੜ = ਸਿਰ ਜੋੜ
ਗਾਜਰਾਂ = ਗੋਬਿੰਦੀਅਾਂ
ਫਾਹੁੜਾ = ਕਦਰਦਾਨ
ਦੰਦਾ ਦਾ ਬੀੜ = ਘੁਲਾੜੀ
ਮੈਲਾ ਕਛਹਿਰਾ = ਮਸਤਾਨਾ
ਗੰਦਾ ਪਿਅਾ ਹੋਵੇ = ਮੁਗਲ ਮਰਿਅਾ ਪਿਅਾ
ਨਾਲਾ ਬਦਲਣਾ = ਛਾੳੁਣੀ ਬਦਲਣੀ
ਜੰਗਲ ਪਾਣੀ ਜਾਣਾ = ਗੱਡਾ ਲਾਹ ਕੇ ਅਾੳੁਣਾ
ਬੇਹੀ ਰੋਟੀ = ਮਿੱਠਾ ਪ੍ਰਸ਼ਾਦਾ
ਅਾੳੁਲਾ = ਰੋੜੂ ਪ੍ਰਸ਼ਾਦ
ਦਹੀਂ-ਲੱਸੀ ਨੂੰ ਮਸਤੋ
ਝਟਕੇ ਨੂੰ ਮਹਾਂਪ੍ਰਸ਼ਾਦ,
ਝੋਟੇ ਨੂੰ ਮਹਿਖਾਸੁਰ,
ਹਰੇ ਘਾਹ ਨੂੰ ਮਖ਼ਮਲੀ ਫਰਸ਼,
ਬਿੱਲੀ ਨੂੰ ਮਲਿਕਾ,
ਸਰੀਰ ਨੂੰ ਮੜੋਲੀ,
ਲੁੱਟਮਾਰਨ ਨੂੰ ਮਾਰਵਕਾਰਾ,
ਸਿਆਪੇ ਨੂੰ ਮਾਰੂ ਰਾਗ,
ਮਠਿਆਈ ਨੂੰ ਸ਼ਕਰਕੰਦੀ,
ਦਾਤਣ ਨੂੰ ਮੁਸ਼ਮਾਂਜਣਾ,
ਲੂਣ ਨੂੰ ਰਾਮ ਰਸ,
ਟੀਂਡੇ ਨੂੰ ਰਾਮ ਲੱਡੂ,
ਗੰਢੇ ਨੂੰ ਰੁੱਪਾ,
ਕਾੜ੍ਹਨੀ ਨੂੰ ਰੂਪ ਕੌਰ,
ਭੂਤ ਨੂੰ ਰੰਘੜ
ਕਾਣੇ ਨੂੰ ਲੱਖ ਨੇਤਰਾ,
ਟੁੰਡੇ ਨੂੰ ਲੱਖ ਬਾਹਾਂ,
ਅੰਨ੍ਹੇ ਨੂੰ ਸੂਰਮਾ,
ਲੰਙੇ ਨੂੰ ਸੁਚਾਲਾ,
ਮੱਲ੍ਹਮ ਨੂੰ ਗੋਪਾਲ ਚੰਦਨ,
ਸਰੀਰ ਛੱਡ ਜਾਣ ਵਾਲੇ ਨੂੰ ਚੋਲਾ ਬਦਲਣਾ,
ਰਸੋਈਏ ਨੂੰ ਲਾਂਗਰਾ ਸਿੰਘ
ਲਾਲ ਮਿਰਚ ਨੂੰ ਲੜਾਕੀ,
ਲਾਚੇ ਨੂੰ ਕੰਬਲ,
ਬਾਜਰੇ ਨੂੰ ਲਾਚੀ ਦਾਣਾ,
ਘਟੀਆ ਲੋਕਾਂ ਨੂੰ ਲੰਡੀ ਬੁੱਚੀ,
ਸਿੰਘਾਂ ਦੇ ਕਾਫ਼ਲੇ ਨੂੰ ਵਹੀਰਾਂ ਜਾਂ ਗੁਰੂ ਕੀ ਫ਼ੌਜ,
ਭੰਗ ਦੀ ਮਿੱਠੀ ਦੇਗ ਨੂੰ ਸ਼ਹੀਦੀ ਦੇਗ,
ਭੰਗ ਘੋਟਣ ਵਾਲੇ ਡੰਡੇ ਨੂੰ ਸਲੋਤਰ,
ਸੋਟੇ ਨੂੰ ਅਕਲ ਦਾਨ,
ਹਵਾ ਨੂੰ ਇੰਦਰਾਣੀ
ਹਾਥੀ ਨੂੰ ਕੋਟਾ ਸਿੰਘ
ਛੋਲਿਆਂ ਨੂੰ ਬਦਾਮ,
ਰੋਟੀ ਨੂੰ ਪ੍ਰਸ਼ਾਦਾ,
ਬੈਂਗਣ ਨੂੰ ਬਟੇਰਾ,
ਹੋਲਾਂ ਨੂੰ ਇਲਾਚੀਆਂ,
ਕੜ੍ਹੀ ਨੂੰ ਅੰਮਿ੍ਤੀ,
ਇਲਾਚੀ ਨੂੰ ਫ਼ਲਾਈ,
ਸ਼ੱਕਰ ਨੂੰ ਸਿਰਖਿੰਡੀ,
ਮੂਲੀ ਨੂੰ ਕਰਾੜੀ
ਛੰਨ ਨੂੰ ਸੀਸ ਮਹਿਲ,
ਝਾੜੂ ਨੂੰ ਸੁੰਦਰੀ,
ਜੁੱਤੀ ਨੂੰ ਅਣਥੱਕ ਸਵਾਰੀ,
ਰਜਾਈ ਨੂੰ ਅਫ਼ਲਾਤੂਨੀ ਮੁਰਗਾ,
ਕੁੱਤੇ ਨੂੰ ਕੁਤਬਦੀਨ,
ਨੀਂਦ ਨੂੰ ਧਰਮ ਰਾਜ ਦੀ ਧੀ,
ਸਰਕਾਰੀ ਜ਼ਮੀਨ ਨੂੰ ਟੁੱਕਰ,
ਪੈਸੇ ਨੂੰ ਤਾਂਬਾ,
ਦੌਲਤ ਨੂੰ ਦਮੜਾ,
ਗਲਾਸ ਨੂੰ ਚੁਬਾਰਾ,
ਕੜਛੀ ਨੂੰ ਰੱਜੀ,
ਸਲਵਾਰ ਨੂੰ ਦੋਨਾਲੀ
ਹੁੱਕੇ ਨੂੰ ਜਗਤ ਜੂਠ,
ਬੀੜੀ ਨੂੰ ਗਧੀ ਚੁੰਘ
ਡਿੱਗ ਪੈਣ ਵਾਲੇ ਨੂੰ ਛਾਲ ਮਾਰਨੀ,
ਦੁੱਧ ਨੂੰ ਸਮੁੰਦਰਾ,
ਲੂਣ ਨੂੰ ਸਰਬਰਸ,
ਸਿਰੋਂ ਰੋਡੇ ਨੂੰ ਸਿਰਗੁੰਮ,
ਗੁੰਮ ਨੂੰ ਸਿਰ ਜੋੜ,
ਭੰਗ ਨੂੰ ਸੁੱਖ ਨਿਧਾਨ,
ਛਾਨਣੀ ਨੂੰ ਸੁਜਾਖੀ,
ਝਾੜੂ ਦੀ ਸੇਵਾ ਕਰਨ ਵਾਲੇ ਨੂੰ ਸੂਬੇਦਾਰ,
ਪਰਨੇ ਨੂੰ ਹਜ਼ੂਰੀਆ,
ਪਾਟੇ ਕੱਪੜੇ ਨੂੰ ਹੰਕਾਰਿਆ,
ਚਿਖ਼ਾ ਨੂੰ ਕਾਠਗੜ੍ਹ,
ਖੰਡੇ ਨੂੰ ਕਾਨੂੰਗੋ,
ਕੁੱਤੇ ਨੂੰ ਅਹਿਮਦ ਸ਼ਾਹ ਅਬਦਾਲੀ,
ਹਲਦੀ ਨੂੰ ਕੇਸਰ,
ਪੇਸ਼ਾਬ ਕਰਨ ਨੂੰ ਗੜ੍ਹ ਤੋੜਨਾ,
ਗਾਜਰ ਨੂੰ ਗੋਵਿੰਦੀ,
ਜੁੱਤੀ ਨੂੰ ਚਰਨਦਾਸੀ,
ਅਫ਼ੀਮ ਨੂੰ ਚਿਮਨੀ ਬੇਗਮ,
ਸਾਈਕਲ ਨੂੰ ਵਾਵਰੋਲਾ,
ਰੇਲ ਗੱਡੀ ਨੂੰ ਭੂਤਨੀ,
ਰੇਲ ਦੇ ਇੰਜਣ ਨੂੰ ਤੇਜਾ ਸਿੰਘ,
ਮੱਛੀ ਨੂੰ ਜਲ ਤੋਰੀ,
ਜਲੇਬੀ ਨੂੰ ਜੰਡ ਦੀ ਫ਼ਲੀ,
ਸੂਈ ਨੂੰ ਜੋੜ ਮੇਲਣੀ,
ਪਖਾਨੇ ਜਾਣ ਨੂੰ ਜੰਗਲ ਪਾਣੀ ਜਾਣਾ,
ਗਧੇ ਨੂੰ ਥਾਣੇਦਾਰ,
ਸ਼ੀਸ਼ੇ ਨੂੰ ਦੀਦਾਰਾ ਸਿੰਘ,
ਵੱਕਾਰ ਨੂੰ ਧਰਮਰਾਜ ਦਾ ਪੁੱਤਰ,
ਕਹੀ ਨੂੰ ਪਤਾਲਪੁਰੀ,
ਕੁਹਾੜੇ ਨੂੰ ਪਰਸਾ ਰਾਮ,
ਭੇਡ ਨੂੰ ਪਰੀ,
ਪੱਖੇ ਨੂੰ ਪੌਣ ਪ੍ਰਕਾਸ਼,
ਮੂੰਹ-ਹੱਥ ਧੋਣ ਨੂੰ ਪੰਜ ਇਸ਼ਨਾਨਾ,
ਘਿਓ ਨੂੰ ਪੰਜਵਾਂ ਰਤਨ,
ਦਿਨ ਨੂੰ ਪ੍ਰਕਾਸ਼ਾ ਸਿੰਘ,
ਅੱਗ ਨੂੰ ਬਸੰਤਰ,
ਖੁਰਪੇ ਨੂੰ ਬਾਜ,
ਸ਼ਲਗਮ ਨੂੰ ਭੋਇੰਸੁਰ ਆਦਿ ਆਖ਼ਦੇ ਸਨ।

ਜਿਸ ਬੰਦੇ ਦੀ ਭਾਸ਼ਾ ਚੜ੍ਹਦੀ ਕਲਾ ਵਾਲੀ ਹੋਵੇਗੀ ਉਸ ਦੀ ਮਾਨਸਿਕਤਾ ਵੀ ਚੜ੍ਹਦੀ ਕਲਾ ਵਾਲੀ ਹੁੰਦੀ ਹੈ। ਇਹ ਇੱਕ ਮਨੋਵਿਗਿਆਨਕ ਸੱਚ ਹੈ। ਚੜ੍ਹਦੀ ਕਲਾ ਦਾ ਸੰਕਲਪ ਇਸ ਜਗਤ ਨੂੰ ਦੇਖਣ ਦਾ ਹੀ ਇਕ ਵੱਖਰੀ ਭਾਂਤ ਦਾ ਦ੍ਰਿਸ਼ਟੀਕੋਣ ਹੈ।

-  Copied from ਗੁਰਪ੍ਰੀਤ ਸਿੰਘ ਸਹੋਤਾ 's facebook wall.


Sunday, May 28, 2017

ਗੁਰੂ ਅਰਜੁਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਛਬੀਲ ਕਿਓਂ ਲਗਾਈ ਜਾਂਦੀ ਹੈ ? ( Why is #Chhabeel organized at Guru Arjan Sahib's martyrdom day ?)


ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਛਬੀਲ ਕਿਓਂ ਲਗਾਈ ਜਾਂਦੀ ਹੈ ?

ਛਬੀਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ : ਪਉ, ਪਿਆਓ ,  ਜਲ ਪੀਣ ਦਾ ਅਸਥਾਨ (ਖ਼ਾਸ ਕਰਕੇ ਉਹ ਪਉ, ਜੋ ਮੁਹੱਰਮ ਦੇ ਪਹਿਲੇ ਦਸ ਦਿਨਾਂ ਵਿੱਚ ਪਿਆਸਿਆਂ ਲਈ ਲਾਇਆ ਜਾਵੇ। ) ( ਮਹਾਨ ਕੋਸ਼ : ਭਾਈ ਕਾਹਨ ਸਿੰਘ ਨਾਭਾ)

ਛਬੀਲ ਸ਼ੀਆ ਫਿਰਕੇ ਦੇ ਮੁਸਲਮਾਨਾਂ ਵੱਲੋਂ ਮੁਹੱਰਮ  ਦੇ ਸਮੇ ਲਗਾਈ ਜਾਂਦੀ ਹੈ | ਕਿਓਂ ਕਿ ਕਰਬਲਾ ਦੀ ਲੜਾਈ ਵਿਚ ਹਜ਼ਰਤ ਹੁਸੈਨ ਤੇ ਓਹਨਾ ਦੇ 70 ਸਾਥੀ ਪਿਆਸੇ ਕਤਲ ਕਰ ਦਿੱਤੇ ਗਏ ਸਨ ਤੇ ਓਹਨਾ ਨੂੰ ਪਾਣੀ ਵੀ ਪੀਣ ਨਹੀਂ ਸੀ ਦਿੱਤਾ ਗਿਆ | ਇਸਲਈ ਉਹ ਆਪਣੇ ਪਿਆਸੇ ਸ਼ਹੀਦਾਂ ਦੀ ਯਾਦ ਵਿਚ ਛਬੀਲ ਲਗਾ ਕੇ ਸੋਗ ਮਨਾਉਂਦੇ ਹਨ | ਸੁੰਨੀ ਫਿਰਕੇ ਵਾਲੇ ਛਬੀਲ ਨਹੀਂ ਲਗਾਉਂਦੇ |

ਗੁਰੂ ਸਾਹਿਬਾਨ ਦੇ ਸਮੇ ਵਿਚ ( ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਵੀ ), ਜਦੋ ਸੰਗਤ ਦੂਰ ਦੂਰਾਡੇ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਸੀ, ਖਾਸ ਕਰ ਗਰਮੀ ਦੇ ਮੌਸਮ ਵਿਚ, ਤਾਂ ਓਹਨਾ ਨੂੰ ਗੁੜ ਵਾਲਾ ਮਿੱਠਾ ਪਾਣੀ ਵਰਤਾਇਆ ਜਾਂਦਾ ਸੀ | ਕਿਓਂ ਕਿ ਉਸ ਸਮੇ ਅੱਜ ਕਲ ਦੀ ਤਰਾਂ ਡੱਬਾ ਬੰਦ ਗੁਲੋਕੋਜ ( Glucose ) ਪ੍ਰਚਲਤ ਨਹੀਂ ਸੀ, ਤੇ ਨਾ ਹੀ ਅੱਜ ਕਲ ਵਾਂਗ ਵਾਤਾਨਕੂਲ (Air Conditioned) ਆਵਾਜਾਈ ਦੇ ਸਾਧਨ ਸਨ | ਸੰਗਤ ਤੁਰ ਕੇ, ਗੱਡੇ ਤੇ ਜਾ, ਘੋੜਿਆਂ ਤੇ ਆਉਂਦੀ ਸੀ | ਗੁੜ ਵਿਚ ਗੁਲੋਕੋਜ ਦੀ ਮਾਤਰਾ ਜਿਆਦਾ ਹੋਣ ਕਰਕੇ ਗੁੜ ਵਾਲਾ ਮੀਠਾ ਪਾਣੀ ਹੀ ਵਰਤਿਆ ਜਾਂਦਾ ਸੀ | ਇਹ ਇਕ ਆਮ ਜਿਹਾ ਵਰਤਾਰਾ ਸੀ ਜਿਸਦਾ ਕੋਈ ਖਾਸ ਮਹਤੱਵ ਨਹੀਂ ਸੀ |

ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਗਰਮੀ ਦੇ ਮੌਸਮ ਵਿਚ ਆਉਂਦਾ ਹੈ, ਇਸ ਕਰਕੇ ਜਿਹੜੀ ਵੀ ਸੰਗਤ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਦੂਰ ਦੁਰਾਡੇ ਤੋਂ ਇਕੱਤਰ ਹੁੰਦੀ ਸੀ ਓਹਨਾ ਨੂੰ ਗੁੜ ਵਾਲਾ ਮਿੱਠਾ ਪਾਣੀ ਵਰਤਾਇਆ ਜਾਂਦਾ ਸੀ | ਤੇ ਅੱਜ ਇਹ ਸ਼ਾਇਦ ਇਕ ਰਸਮ ਦੇ ਤੌਰ ਤੇ ਸਿੱਖਾਂ ਵਿਚ ਪ੍ਰਚਲਿਤ ਹੋ ਗਈ ਹੈ | ਅੱਜ ਗੁੜ ਦੀ ਜਗ੍ਹਾ ਸ਼ਰਬਤ ਨੇ ਲੈ ਲਈ ਹੈ |

ਸਿੱਖੀ ਵਿਚਾਰਧਾਰਾ ਵਿਚ ਛਬੀਲ ਲਗਾ ਕੇ ਸ਼ਹੀਦੀ ਦਾ ਮਾਤਮ ਮਨਾਉਣ ਲਈ ਕੋਈ ਥਾਂ ਨਹੀਂ ਹੈ | ਸਿੱਖ ਗੁਰੂ ਸਾਹਿਬਾਨ ਤੇ ਸਿੱਖੀ ਦੀ ਵਿਚਾਰਧਾਰਾ ਅਕਾਲ ਪੁਰਖ ਦੇ ਭਾਣੇ ਨੂੰ ਖਿੜੇ ਮੱਥੇ ਮੰਨਣ ਦੀ ਹੈ | ( "ਤੇਰਾ ਕੀਆ ਮੀਠਾ ਲਾਗੈ " )|

ਪਿਛਲੇ ਸਾਲ ( 2016 ) ਕੁਝ ਸ਼ਰਾਰਤੀ ਅਨਸਰਾਂ ਵਲੋਂ ਗ਼ਲਤ ਤੇ ਝੂਠੀਆਂ ਕਹਾਣੀਆਂ ਪ੍ਰਚਾਰੀਆਂ ਜਾ ਰਹੀਆਂ ਨੇ, ਕਿ ਚੰਦੁ ਦੇ ਨੂੰਹ ਗੁਰੂ ਸਾਹਿਬ ਦੀ ਬਹੁਤ ਸ਼ਰਧਾਲੂ ਸੀ ਤੇ ਉਸਨੇ ਗੁਰੂ ਅਰਜਨ ਸਾਹਿਬ ਨੂੰ ਕੈਦਖਾਨੇ ਵਿਚ ਜਾ ਕੇ ਸ਼ਰਬਤ ਪਿਆਇਆ | ਤੇ ਉਸਤੋਂ ਬਾਅਦ ਛਬੀਲ ਲੱਗਣੀ ਸ਼ੁਰੂ ਹੋ ਗਈ | ਇਹ ਕਹਾਣੀ ਸਰਾਸਰ ਗ਼ਲਤ ਹੈ | ਕਿਓਂ ਕਿ ਮੁਗ਼ਲ ਰਾਜ ਵਿਚ ਔਰਤਾਂ ਨੂੰ ਕੈਦਖਾਨੇ ਵਿਚ ਜਾਂ ਦੀ ਇਜ਼ਾਜ਼ਤ ਨਹੀਂ ਸੀ | ਇਸਤੋਂ ਇਲਾਵਾ, ਗੁਰੂ ਸਾਹਿਬ ਦੀ ਗ੍ਰਿਫਤਾਰੀ ਵਿਚ ਚੰਦੁ ਦਾ ਹੱਥ ਸੀ ਤੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਸਹਿ-ਕਾਰਨ ਵੀ ਸੀ | ਜਦੋਂ ਭਗਵਾਨ ਦਾਸ ਘੇਰੜ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੇ ਹਮਲਾ ਕੀਤਾ ਤਾ ਉਸ ਸਮੇ ਚੰਦੁ ਦੇ ਪੁੱਤਰ ਕਰਮ ਚੰਦ ਨੇ ਵੀ ਇਸ ਲੜਾਈ ਵਿਚ ਗੁਰੂ ਸਾਹਿਬ ਦੇ ਵਿਰੁੱਧ ਭਗਵਾਨ ਦਾਸ ਦਾ ਸਾਥ ਦਿੱਤਾ ਸੀ |

ਕੁਝ ਹੋਰ ਲਿਖਾਰੀਆਂ ਵਲੋਂ ਵੀ ਚੰਦੁ ਦੀਆਂ ਨਲਾਇਕੀਆਂ ਤੇ ਪਰਦਾ ਪਾਉਣ ਲਈ ਤੇ ਉਸਨੂੰ ਗੁਰਸਿੱਖ ਸਿੱਧ ਕਰਨ ਲਈ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਚੰਦੁ ਨੇ ਗੁਰੂ ਸਾਹਿਬ ਨੂੰ ਬਚਾਉਣ ਲਈ ੨ ਕਰੋੜ ਦਾ ਜੁਰਮਾਨਾ ਅਦਾ ਕੀਤਾ, ਤੇ ਇਸ ਲਈ ਉਸਨੇ ਆਪਣੀ ਹਵੇਲੀ ਤੇ ਸਾਰੀ ਦੌਲਤ ਵੀ ਲਗਾ ਦਿੱਤੀ | ਇਹ ਕਹਾਣੀ ਵੀ ਸਰਾਸਰ ਝੂਠ ਹੈ ਤੇ ਇਸ ਵਿਚ ਰਤੀ ਮਾਤਰ ਵੀ ਸਚਾਈ ਨਹੀਂ | ਇਥੇ ਇਹ  ਵੀ ਵਰਨਣਯੋਗ ਹੈ ਕਿ ਚੰਦੁ ਜਹਾਂਗੀਰ ਦਾ ਵਜ਼ੀਰ ਸੀ ਅਤੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਕੰਮ ਉਸਨੂੰ ਦਿੱਤਾ ਗਿਆ ਸੀ |

Why is #Chhabeel organized at Guru Arjan Sahib martyrdom day?

#Chhabeel is word from persian language which means : a place where water is served.( Especially which is organized during first 10 days of Muharram: From Mahaan kosh by bhai Kahn Singh Nabha

Chhabeel is being observed by Shia Muslims during the month of Moharram. Because in the battle of Karbla, they were not allowed to take water. All 70 persons alongh with Hazrat Hussain were killed thirsty. So, Shia Muslims distribute Chabeel to mourn the memory of their thirsty martyrs. This mourning is not observed by Sunni muslims.

During the period of Sikh Guru's ( Even prior to Guru Arjan Sahib martyrdom)  #Chhabeel was organized ( especially in hot summer) and water with added raw-sugar (ਗੁੜ ) was served to the visitors who come to meet Guru Sahib from distant places (like kabul etc.). At that time there was no packaged Glucose and water with added raw-sugar was a good source of glucose fro visitors. One point to be noted that, at that time there were no means of airconditioned tranport and people either used to walk, use bullock cart or horses as a medium of transportation.  It was a usual practice and holds no special meaning|

Since Guru Arjan sahib's Martayrdom day comes in hot summer season, so anyone who used to come to from distant place used to be served with sweet water with added raw-sugar. Over time, (might be), it became a custom to serve sweet water and raw-surgar is replaced by sweet syrup now-a-days.

Mourning does not have any place in Sikh ideology. Sikh Guru Sahibaan and sikh ideology believes in "obeying the command of timeless God whole heartily" (Tera bhana meetha lagai)

From last year (2016) foolish people without any knowledge of sikh history had started sharing false and incorrect stories about #Chabeel, that Chandu's daughter-in-law was a follower of Guru sahib and she went to meet Guru Sahib in jail, served sweet water to Him. And that was the starting of chhabeel. This story is in-correct and false. In the mougal regime, women were not allowed to visit jail. Along with that, Chandu himself was partly invovled and responsible for Guru Sahib's martyrdom. Chandu's son Karm chand was involved in a battle against 6th master Guru Hargobind sahib and accompanied Bhagwan das gherad who attacked Guru Sahib at sri hargobindpur city. 

Few other authors had also tried to cover Chandu's bad deeds and falsely prove him as gursikh, by writing that Chandu paid the fine of Rs. 20 million ( 2 crore ) by selling his house and other assets to save Guru Arjan Sahib. This story is also completely incorrect and false. Other point worth noting is that Chandu was officer of Jahangeer, and he was in charge of torturing Guru Arjan Sahib.

Monday, May 15, 2017

ਤਪ ਕੀ ਹੈ ?

ਤਪ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ |

 - ਦੇਹ ਦਾ ਤਪ,
 - ਮਨ ਦਾ ਤਪ,
 - ਬਚਨਾਂ ਦਾ ਤਪ ।

ਦੇਹ ਦਾ ਤਪ :

ਪੈਰਾਂ ਦਾ ਤਪ: ਛੋਟੇ ਜੀਵਾਂ ਨੂੰ ਵੇਖ ਕੇ ਚਲਣਾ,ਪੈਰਾਂ ਹੇਠ ਨ ਮਿਧਣਾ।
ਹੱਥਾਂ ਦਾ ਤਪ:  ਅਸਥਾਵਰ, ਜੰਗਮ ਜੀਵਾਂ ਨੂੰ ਦੁਖਾਵੇ ਨਾਹੀ। ਸਰੀਰ ਸਾਫ ਰੱਖੇ,ਦਾਤਣ ਕਰੇ,ਇਸਨਾਨ ਕਰੇ, ਬੁਧਵਾਨਾਂ ਦੀ ਪੂਜਾ ਕਰੇ।
ਬ੍ਰਹਮਚਰਜ, ਗ੍ਰਹਿਸਤੀ : ਪਰ ਨਾਰੀ ਨੂੰ ਨਾ ਛੁਹੇ। ਮਾਤਾ ਪਿਤਾ ਦੀ ਸੇਵਾ ਕਰੇ।
ਬੈਰਾਗੀ: ਨਾਰੀ ਦਾ ਨਾਂ ਵੀ ਨਾ ਲਵੇ। ਮਾਤਾ ਪਿਤਾ ਦੀ ਸੇਵਾ ਕਰੇ।


ਮਨ ਦਾ ਤਪ:
ਮਨ ਪ੍ਰਸੰਨ ਰੱਖੇ, ਪ੍ਰਭੂ ਨਾਲ ਮਨ ਦੀ ਪ੍ਰੀਤੀ ਲਾਵੇ, ਚਿਤਵਨਾ ਤੋਂ ਬਚੇ।
ਸਵਾਸਾਂ ਦੀ ਤਪਸਯਾ: ਸਵਾਸ ਸਵਾਸ ਨਾਮ ਜਪੇ।

ਬਚਨਾਂ ਦਾ ਤਪ: ਸੱਚ ਬੋਲਣਾ, ਮਿਠੀ ਬਾਣੀ ਬੋਲੇ, ਭਾਈ ਜੀ, ਮਿਤੱਰ ਜੀ, ਭਗਤ ਜੀ, ਪ੍ਰਭੁ ਜੀ, ਗਰੰਥ ਦਾ ਪਠਨ ਪਾਠਨ ਕਰੇ।

ਉਪਰਲੀਆਂ ਬਹੁਤੀਆਂ ਗੱਲਾਂ ਵਿਵਹਾਰਕ ਹਨ ਤੇ ਵਿਵਹਾਰ ਸੋਧਣ ਨਾਲ ਸੰਬੰਧਤ ਹਨ ਜੀ।

ਆਪਾ ਸਵਾਰਨਾ ਹੀ ਤਪ ਹੈ, ਭਗਤੀ ਹੈ।



( Courtesy:  ਸ. ਅਜਮੇਰ ਸਿੰਘ :  ਓਹਨਾ ਦੀ ਫੇਸਬੁੱਕ ਪੋਸਟ ਤੋਂ ਨਕਲ ( copy ) ਕੀਤਾ ਹੈ | )

Saturday, April 29, 2017

ਕੀ "ਦਸਮ ਗਰੰਥ " ਨੂੰ ਸਿੱਖਾਂ ਦਾ ਗੁਰੂ ਕਿਹਾ ਜਾ ਸਕਦਾ ਹੈ ? Can Dasam Granth be Guru for Sikhs ?

ਇਕ ਸ਼ਬਦ ਵਿਚ ਇਸਦਾ ਉੱਤਰ ਹੈ "ਨਹੀਂ " |

ਸਿੱਖਾਂ ਦਾ ਗੁਰੂ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਹੈ | ਤੇ ਸਿੱਖ ਨੇ ਆਪਣੇ ਜੀਵਨ ਦੀ ਅਗਵਾਈ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਹੀ ਲੈਣੀ ਹੈ | ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਸਾਡੀ ਕਸਵੱਟੀ ਹੈ ਤੇ ਦੁਨੀਆ ਵਿਚ ਸਿਰਫ ਇੱਕੋ ਇਕ ਧਾਰਮਿਕ ਗਰੰਥ ਹੈ ਜਿਸਦੀ ਸੰਪਾਦਨਾ ਉਸ ਧਰਮ ਦੇ ਬਾਨੀਆਂ ਨੇ ਆਪਣੀ ਦੇਖ ਰੇਖ ਵਿਚ ਕਰਵਾਈ ਤੇ ਇਸ ਗੱਲ ਦਾ ਧਿਆਨ ਰੱਖਿਆ ਇਸ ਉਸ ਵਿਚ ਅਜਿਹੀ ਹੋਰ ਕੋਈ ਰਚਨਾ ਸ਼ਾਮਿਲ ਨਾ ਕੀਤੀ ਜਾਵੇ ਜੋ ਅਕਾਲ ਪੁਰਖ ਤੇ ਮਨੁੱਖ ਦੇ ਮਿਲਾਪ ਦੇ ਰਸਤੇ ਦੀ ਸਹੀ ਸੇਧ ਨਾ ਦਿੰਦੀ ਹੋਵੇ | ਜਿਹੜੇ ਵੀ ਸੰਤਾਂ ਭਗਤਾਂ, ਮਹਾਪੁਰਖਾਂ ਦੀ ਬਾਣੀ ਇਸ ਵਿਚ ਸ਼ਾਮਿਲ ਕੀਤੀ ਗਈ ਉਹ ਸਾਰੀ ਹੀ ਓਹਨਾ ਦੀ ਆਪਣੀ ਉਚਾਰਣ ਕੀਤੀ ਹੋਈ ਹੈ ਤੇ ਓਹਨਾ ਦੇ ਅਕਾਲ ਪੁਰਖ ਨਾਲ ਮਿਲਾਪ ਦੇ ਅਹਿਸਾਸ ਦੀ ਗਵਾਹੀ ਭਰਦੀ ਹੈ | ਬਾਕੀ ਦੇ ਸਾਰੇ ਧਾਰਮਿਕ ਗਰੰਥ, ਉਸ ਧਰਮ ਦੇ ਬਾਨੀ  ਦੇ ਇਸ ਜਹਾਨੋ ਕੂਚ ਕਰਨ ਤੋਂ ਬਾਅਦ ਉਸਦੇ ਚੇਲਿਆਂ ਨੇ ਆਪਣੀ ਗ੍ਰਹਿਣ ਕੀਤੀ ਸਿੱਖਿਆ ਦੀ ਸਮਝ ਦੇ ਹਿਸਾਬ ਨਾਲ ਲਿਖੇ |

ਦਸਮ ਗਰੰਥ ਦੀ ਬਾਣੀ ਵੀ ਭਾਵੇਂ ਬਹੁਤ ਲੋਕ ਗੁਰੂ ਕਾਲ ਦੀ ਲਿਖਤ ਹੀ ਮੰਨਦੇ ਨੇ | ਪਰ ਦਸਮ ਗਰੰਥ ਦਾ ਅਜੋਕਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਜੋਤਿ ਜੋਤ ਸਮਾਉਣ ਤੋਂ ਬਾਅਦ ਹੀ ਪ੍ਰਚਲਿਤ ਹੋਇਆ | ਗੁਰੂ ਸਾਹਿਬ ਦੇ ਸਮੇ ਦੇ ਇਤਿਹਾਸ ਵਿਚ ਵੀ ਜਿਆਦਾਤਰ ਗੁਰੂ ਗੋਬਿੰਦ ਸਿੰਘ ਜੀ ਦੇ ਦੀਬਾਨ ਵਿਚ ਜਪੁਜੀ ਸਾਹਿਬ , ਆਸਾ ਦੀ ਵਾਰ , ਆਨੰਦ ਸਾਹਿਬ, ਸੋਦਰ , ਸੋਹਿਲਾ ਆਦਿ ਬਾਣੀ ਦੇ ਪਾਠ ਦਾ ਹੀ ਜਿਕਰ ਆਉਂਦਾ ਹੈ | ਇਥੋਂ ਤਕ ਕਿ ਚਮਕੌਰ ਦੀ ਜੰਗ ਵਿਚ ਵੀ ਅੰਮ੍ਰਿਤ ਵੇਲੇ ਦੇ ਦੀਬਾਨ ਵਿਚ ਆਸਾ ਦੀ ਵਾਰ ਦੇ ਕੀਰਤਨ ਦਾ ਜਿਕਰ ਹੈ |

ਇਹ ਫੈਸਲਾ ਕਿ ਸਿਖਾਂ ਦਾ ਗੁਰੂ ਕੋਈ ਦੇਹਧਾਰੀ ਨਹੀਂ ਸਿਰਫ ਸ਼ਬਦ ਗੁਰੂ ਹੀ ਹੋਵੇਗਾ, ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਹੱਥ ਵਿਚ ਪੰਥ ਦੀ ਵਾਗਡੋਰ ਦੇਣ ਤੋਂ ਪਹਿਲਾ ਹੀ ਕਰ ਗਏ ਸਨ | ਤੇ ਉਸ ਸਮੇ ਸਿਰਫ ਇਕ ਹੀ ਗਰੰਥ ਸੀ, ਸ੍ਰੀ ਗੁਰੂ ਗਰੰਥ ਸਾਹਿਬ, ਜਿਸ ਨੂੰ ਉਸ ਸਮੇ "ਆਦਿ  ਗਰੰਥ" ਕਿਹਾ ਜਾਂਦਾ ਸੀ, ਗੁਰੂ ਗੋਬਿੰਦ ਸਿੰਘ ਜੀ  ਨੇ ਉਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਿਲ ਕਰ ਕੇ ਉਸ ਗਰੰਥ ਨੂੰ ਗੁਰੂਤਾ ਦੇ ਕੇ ਖਾਲਸੇ ਨੂੰ ਗੁਰੂ ਗਰੰਥ ਸਾਹਿਬ ਦੇ ਲੜ ਲਾ ਦਿੱਤਾ |

ਭਾਂਵੇ ਅੱਜ ਇਸ ਗੱਲ ਬਾਰੇ ਭੰਬਲਭੂਸਾ ਹੈ ਕਿ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜਾ ਨਹੀਂ | ਤੇ ਇਸ ਬਾਰੇ ਵਿਦਵਾਨਾਂ ਦੀ ਵੱਖਰੀ ਵੱਖਰੀ ਰਾਏ ਹੈ | ਪਰ ਇਸ ਗੱਲ ਵਿਚ ਕੋਈ ਦੁਚਿਤੀ ਵਿਚ ਜਾਣ ਦੀ ਲੋੜ ਨਹੀਂ ਕਿ ਦਸਮ ਗਰੰਥ ਗੁਰੂ ਹੈ ਕਿ ਨਹੀਂ | ਕਿਓਂ ਕਿ ਇਸ ਦਾ ਫੈਸਲਾ ਗੁਰੂ ਜੀ ਨੇ ਆਪ ਹੀ ਕਰ ਦਿੱਤਾ ਹੈ | ਜੇ ਦਸਮ ਗਰੰਥ ਦੀ ਰਚਨਾ ਨੂੰ ਵੀ ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਦੇ ਬਰਾਬਰ ਦਾ ਰੁਤਬਾ ਦੇਣਾ ਹੁੰਦਾ ਤਾ ਉਸਨੂੰ ਵੀ ਗੁਰੂ ਗਰੰਥ ਸਾਹਿਬ ਵਿਚ ਸ਼ਾਮਿਲ ਕਰ ਲਿਆ ਜਾਂਦਾ | ਪਰ ਗੁਰੂ ਸਾਹਿਬ ਨੇ ਇਹ ਨਹੀਂ ਕੀਤਾ |

ਸੋ ਜੋ ਫੈਸਲਾ ਗੁਰੂ ਸਾਹਿਬ ਆਪ ਹੀ ਕਰ ਕੇ ਗਏ ਹਨ ਕਿ ਸਿੱਖਾਂ ਦਾ ਗੁਰੂ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੀ ਹਨ | ਉਸ ਬਾਰੇ ਹੋਰ ਜਿਆਦਾ ਭੰਬਲ ਭੂਸੇ ਵਿਚ ਪੈਣ ਦੀ ਲੋੜ ਨਹੀਂ |

ਸਿੱਖ ਦੇ ਲਈ ਕਿਸੇ ਵੀ ਹੋਰ ਗਰੰਥ ਜਾ ਪੁਸਤਕ, ਭਾਵੇਂ ਕਿਸੇ ਹੋਰ ਧਰਮ ਦੇ ਹੀ ਹੋਣ, ਪੜਨ ਦੀ ਕੋਈ ਮਨਾਹੀ ਨਹੀਂ ਹੈ | ਪਰ ਸਾਡੀ ਕਸਵੱਟੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਹੈ | ਤੇ ਜਿਹੜਾ ਵਿਚਾਰ ਜਾ ਵਿਚਾਰਧਾਰਾ ਗੁਰਬਾਣੀ ਅਨੁਸਾਰ ਨਹੀਂ | ਉਸਨੂੰ ਬਿਨਾ ਕਿਸੇ ਡਰ ਦੇ ਬੇਬਾਕੀ ਨਾਲ ਰੱਦ ਕੀਤਾ ਜਾ ਸਕਦਾ ਹੈ | ਪਰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਜਾਵੇ ਕਿ ਦੂਜੇ ਧਰਮ ਦੀ ਧਾਰਮਿਕ ਪੁਸਤਕ ਦਾ ਵੀ ਸਤਿਕਾਰ ਕੀਤਾ ਜਾਵੇ, ਭਾਵੇਂ ਉਸਦੇ ਸਾਰੇ ਵਿਚਾਰ ਸਾਡੇ ਮੰਨਣ ਯੋਗ ਨਹੀਂ ਹਨ |

ਅਰਦਾਸ ਵਿਚ "ਪ੍ਰਥਮ ਭਗੌਤੀ ..." ਵਾਲੇ ਬੰਦ ਵਿਚ "ਭਗੌਤੀ" ਦਾ ਕੀ ਅਰਥ ਹੈ ? ( What is the meaning of Bhgauti in Sikh Ardaas ?


ਅਰਦਾਸ  ਦਾ ਪਹਿਲਾ ਬੰਦ "ਪ੍ਰਥਮ ਭਗੌਤੀ ..." ਵਾਲਾ ਦਸਮ ਗਰੰਥ ਵਿੱਚੋ ਹੈ ਤੇ "ਚੰਡੀ ਦੀ ਵਾਰ" ਦੇ ਸ਼ੁਰੂ ਵਿਚ ਹੈ |

ਦਸਮ ਗਰੰਥ ਵਿਚ ਹੋਰ ਵੀ ਬਾਣੀਆਂ ਹਨ ਜੋ ਨਿਤਨੇਮ ਵਿਚ ਸ਼ਾਮਿਲ ਹਨ ਜਿਵੇਂ ਕੇ "ਜਾਪੁ ਸਾਹਿਬ ", ਸਵੈਯੇ , ਚੌਪਈ : ਇਹ ੩ ਬਾਣੀਆਂ ਗੁਰੂ ਗਰੰਥ ਸਾਹਿਬ ਵਿਚ ਨਹੀਂ ਹਨ |

( ਦਸਮ ਗਰੰਥ ਦੇ ਸਬੰਧ ਵਿਚ ਸਿਖਾਂ ਵਿਚ ੩ ਧੜੇ ਹਨ : 
੧. ਜਿਹੜੇ ਸਾਰੇ ਹੀ ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਬਾਣੀ ਮੰਨਦੇ ਹਨ| 
੨. ਜਿਹੜੇ ਸਾਰੇ ਹੀ ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਮੰਨਦੇ 
ਅਤੇ 
੩. ਜਿਹੜੇ ਇਸ ਵਿੱਚੋ ਕੁਛ ਬਾਣੀ (ਲਗਭਗ ਤੀਜਾ ਹਿੱਸਾ) ਨੂੰ ਹੀ ਗੁਰਮਤਿ ਸਿਧਾਂਤ ਅਨੁਸਾਰ ਮੰਨਦੇ ਹਨ| ( ਮੈਂ ਇਹਨਾਂ ਵਿਚੋਂ ਕਿਸੇ ਵੀ ਧੜੇ ਵਿਚ ਨਹੀਂ ਹਾਂ | )

ਤੇ ਇਸ ਭੰਬਲਭੂਸੇ ਨੂੰ ਵਧਾਉਣ ਲਈ ਸਿੱਖ ਵਿਰੋਧੀ ਤਾਕਤਾਂ ਅੱਡੀ ਛੋਟੀ ਦਾ ਜ਼ੋਰ ਲਾ ਰਹੀਆਂ ਹਨ | ਸੋ ਇਸ ਮਸਲੇ ਤੇ ਬਹੁਤ ਸਮਝ ਤੋਂ ਕੰਮ ਲੈਣ ਦੀ ਲੋੜ ਹੈ | (ਇਸ ਬਾਰੇ ਵਿਸਥਾਰ ਨਾਲ ਫਿਰ ਕਦੀ ਸਮਾਂ ਕੱਢ ਕੇ ਲਿਖਾਂਗਾ| ਇਸ ਸਵਾਲ ਦੇ ਜਵਾਬ ਲਈ ਇੰਨਾ ਹੀ ਕਾਫੀ ਹੈ) )

ਕਿਓਂਕਿ "ਪ੍ਰਥਮ ਭਗੌਤੀ ..." ਵਾਲਾ ਬੰਦ "ਚੰਡੀ ਦੀ ਵਾਰ" ਵਿਚ ਆਉਂਦਾ ਹੈ, ਜਿਸਨੂੰ ਦੁਰਗਾ ਦੀ ਵਾਰ ਵੀ ਆਖਿਆ ਜਾਂਦਾ ਹੈ| ਦੁਰਗਾ ਨੂੰ ਹੀ ਭਗਉਤੀ ਵੀ ਕਿਹਾ ਜਾਂਦਾ ਹੈ ਤੇ ਹਿੰਦੂ ਵੀਰ ਉਸਨੂੰ ਦੇਵੀ ਮੰਨ ਕੇ ਉਸਦੀ ਪੂਜਾ ਕਰਦੇ ਨੇ |

ਵਾਰ ਕੀ ਹੈ ?  ਵਾਰ, ਕਵਿਤਾ ਦੀ ਉਹ ਵੰਨਗੀ ਹੈ ਜਿਹੜੀ ਕਿਸੇ  ਬਹਾਦੁਰੀ ਦੇ ਕਿੱਸੇ ਨੂੰ ਬਿਆਨ ਕਰਦੀ ਹੈ, ਤੇ ਇਸਨੂੰ ਗਾਉਣ ਦਾ ਤਰੀਕਾ ਵੀ ਬੜਾ ਜੋਸ਼ੀਲਾ ਹੁੰਦਾ ਹੈ | ( ਉਧਾਰਨ ਦੇ ਤੌਰ ਤੇ ਸਾਡੇ ਢਾਢੀ ਸਿੰਘ ਜਦੋ ਸਿੱਖ ਇਤਿਹਾਸ ਨੂੰ ਵਾਰ ਦੇ ਰੂਪ ਵਿਚ ਸੰਗਤ ਵਿਚ ਪੇਸ਼ ਕਰਦੇ ਨੇ ਤਾ ਪੂਰੀ ਸੰਗਤ ਵਿਚ ਉਤਸ਼ਾਹ ਆ ਜਾਂਦਾ ਹੈ|) ਵਾਰ ਲਿਖਣ ਦਾ ਇਕ ਆਪਣਾ ਤਰੀਕਾ ਹੁੰਦਾ ਹੈ, ਜਿਸ ਵਿਚ ਸ਼ੁਰੂ ਵਿਚ ਵਾਰ ਲਿਖਣ ਵਾਲਾ ਆਪਣੇ ਇਸ਼ਟ ਦੀ, ਜਾ ਆਪਣੀਆਂ ਸਤਿਕਾਰਿਤ ਹਸਤੀਆਂ ਦੀ ਉਸਤਤ ਕਰਦਾ ਹੈ ਤੇ ਫਿਰ ਅੱਗੇ ਕਾਵ ਰੂਪ ਵਿਚ ਕਿਸੇ ਕਿੱਸੇ ਨੂੰ ਵਰਨਣ ਕਰਦਾ ਹੈ |

ਚੰਡੀ ਦੀ ਵਾਰ ਵਿਚ ਵੀ ਦੁਰਗਾ ਰਾਣੀ ( ਰਾਜਕੁਮਾਰੀ ) ਦਾ ਦੈਂਤ ਰਾਜਿਆਂ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ ਆਦਿਕ ਨਾਲ ਲੜਾਈ ਦਾ ਵਰਨਣ ਹੈ | ਜੇਕਰ ਪ੍ਰੋਫ਼. ਗੁਰਨਾਮ ਸਿੰਘ ਮੁਕਤਸਰ ਦੀ ਕਿਤਾਬ "ਭਾਰਤੀ ਲੋਕ ਨੀਚ ਕਿਵੇਂ ਬਣੇ " ਪੜੀਏ ਤਾ ਉਸ ਵਿਚ ਦਿੱਤੇ ਹਵਾਲੇ ਤੇ ਬਾਕੀ ਲੋਕਾਂ ਦੀਆਂ ਇਤਿਹਾਸਿਕ ਖੋਜਾਂ ਨੂੰ ਮੰਨੀਏ  ਇਹ ਜਾਹਿਰ ਹੈ ਕਿ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ , ਰਾਵਣ ਆਦਿ ਦ੍ਰਵਿੜ ਰਾਜੇ ਸਨ ਤੇ ਇੰਦਰ ਵਿਸ਼ਨੂੰ ਰਾਮ ਕ੍ਰਿਸ਼ਨ ਆਦਿ ਆਰੀਅਨ ਰਾਜੇ ਸਨ | ਰਾਖਸ, ਦੈਂਤ , ਆਸੁਰ ਆਦਿ ਦ੍ਰਾਵਿੜਾਂ ਦੀਆਂ ਜਾਤੀਆਂ ਸਨ ਤੇ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ  ਆਦਿ ਇਹਨਾਂ ਜਾਤੀਆਂ ਦੇ ਸਰਦਾਰ ਤੇ ਰਾਜੇ ਸਨ| ਇੰਦਰ ਬਹੁਤ ਬਲਸ਼ਾਲੀ ਸੀ ਜਿਸ ਨੇ ਆਰੀਆ ਰਾਜ ਦਾ ਵਿਸਥਾਰ ਕੀਤਾ| ਜਦ ਮਹਿਖਾਸੁਰ ਨੇ ਇੰਦਰ ਨੂੰ ਹਰਾ ਕੇ ਭਜਾ ਦਿੱਤਾ ਤਾ ਇੰਦਰ ਨੇ ਦੁਰਗਾ ਕੋਲ ਫਰਿਆਦ ਕੀਤੀ | ਤੇ ਫਿਰ ਦੁਰਗਾ ਤੇ ਦੈਂਤ ਰਾਜੇ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ  ਆਦਿਕ ਦੀ ਬੜੀ ਘਮਾਸਾਨ ਲੜਾਈ ਹੋਈ ਤੇ ਅੰਤ ਨੂੰ ਦੈਂਤ ਰਾਜੇ ਬਹੁਤ ਬਹਾਦੁਰੀ ਨਾਲ ਲੜਾਈ ਕਰਦੇ ਹੋਏ ਮਾਰੇ ਗਏ ਪਰ ਜੰਗ ਦੇ ਮੈਦਾਨ ਵਿੱਚੋ ਪਿੱਛੇ ਨਹੀਂ ਹਟੇ | ਸੋ ਇਹ ਵਾਰ ਦੁਰਗਾ ਤੇ ਦੈਂਤਾਂ ਦੋਨ੍ਹਾਂ ਦੀ ਬਹਾਦੁਰੀ ਨੂੰ ਬਿਆਨ ਕਰਦੀ ਹੈ | ਇਹ ਜਰੂਰ ਹੈ ਕਿ ਇਸ ਲੜਾਈ ਵਿਚ ਦੁਰਗਾ ਦੀ ਜਿੱਤ ਹੋਈ ਤੇ ਦੈਂਤ ਬਹਾਦੁਰੀ ਨਾਲ ਲੜਦੇ ਹੋਏ ਜੰਗ ਦੇ ਮੈਦਾਨ ਵਿਚ ਮਾਰੇ ਗਏ |
ਇਕ ਗੱਲ ਹੋਰ ਦੇਖਣ ਵਾਲੀ ਹੈ ਕਿ ਜਿਆਦਤਰ ਟੀਕਾਕਾਰਾਂ ਨੇ ਦੁਰਗਾ ਨੂੰ ਆਪਣੇ ਟੀਕੇ ਵਿਚ ਦੇਵੀ ਲਿਖਿਆ ਹੈ ਪਰ ਚੰਡੀ ਦੀ ਵਾਰ ਵਿਚ ਜਿਆਦਾਤਰ ਰਾਣੀ ਜਾ ਰਾਜਕੁਮਾਰੀ ਲਿਖਿਆ ਹੈ ਜੋ ਕਿ ਪ੍ਰੋਫ਼. ਗੁਰਨਾਮ ਸਿੰਘ ( ਮੁਕਤਸਰ ) ਦੀ ਲਿਖਤ ਨਾਲ ਮੇਲ ਖਾਂਦੀ ਹੈ | ਕਿ ਜਿਹਨਾਂ ਰਾਜਿਆਂ ਤੇ ਰਾਣੀਆਂ ਨੇ ਆਰੀਅਨ ਰਾਜ ਦਾ ਵਿਸਥਾਰ ਕੀਤਾ ਓਹਨਾ ਨੂੰ ਹੀ ਦੇਵਤੇ ਤੇ ਦੇਵੀਆਂ ਕਹਿ ਕੇ ਪੂਜਿਆ ਗਿਆ |

ਇਹ ਤਾ ਸੀ ਚੰਡੀ ਦੀ ਵਾਰ ਦਾ ਸੰਖੇਪ ਵਿਚ ਸਾਰ | ਤੇ ਹੁਣ ਆਪਾਂ ਆਉਂਦੇ ਹਾਂ ਅਰਦਾਸ ਤੇ, ਜੋ ਕਿ ਅਸਲੀ ਪ੍ਰਸ਼ਨ ਹੈ |

ਸਿੱਖ ਦੀ ਅਰਦਾਸ ਦੀ ਇਕ ਰੂਪ ਰੇਖਾ ( FORMAT) ਨਿਰਧਾਰਿਤ ਹੈ ਜੋ ਕਿ ਸਿੱਖ ਰਹਿਤ ਮਰਯਾਦਾ ਵਿਚ ਦਰਜ ਹੈ | ਇਸ ਅਨੁਸਾਰ ਸਿੱਖ ਅਰਦਾਸ ਦੇ ਸ਼ੁਰੂ ਵਿਚ "ਪ੍ਰਥਮ ਭਗੌਤੀ .. " ਵਾਲਾ ਬੰਦ ਤੇ ਅਰਦਾਸ ਦੇ ਅੰਤ ਵਿਚ "ਨਾਨਕ ਨਾਮ ਚੜ੍ਹਦੀ ਕਲਾ " ਵਾਲਾ ਬੰਦ ਪੜਦਾ ਹੈ | ਇਹ ਦੋਨੋ ਹੀ ਬੰਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਨਹੀਂ ਹਨ |

ਹੁਣ ਜੇ ਅਰਦਾਸ ਨੂੰ ਥੋੜਾ ਹੋਰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾ ਸਿੱਖ ਅਰਦਾਸ ਵਿਚ ਅਕਾਲਪੁਰਖ ਤੋਂ ਸ਼ੁਰੂ ਕਰ ਕੇ, ਆਪਣੇ ਗੁਰੂ ਸਾਹਿਬਾਂ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਾ ਤੇ ਆਪਣਾ ਭਰੋਸਾ ਦ੍ਰਿੜ ਕਰਦਾ ਹੋਇਆ ਪੰਜ ਪਿਆਰਿਆਂ ਸਾਹਿਬਜ਼ਾਦਿਆਂ , ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦਾ ਹੋਇਆ, ਓਹਨਾ ਨੂੰ ਸਤਿਕਾਰ ਦਿੰਦਾ ਹੋਇਆ, ਆਪਣੀਆ ਮੰਗਾਂ ( ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ , ਨਾਮ ਦਾਨ ) ਆਦਿ ਅਕਾਲਪੁਰਖ ਅੱਗੇ ਰੱਖਦਾ ਹੈ | ਵਿਛੜੇ ਹੋਏ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ ਕਰਨ ਦੀ ਇੱਛਾ ਜਾਹਿਰ ਕਰਦਾ ਹੋਇਆ ਆਪਣੇ ਕਾਰਜ ( ਜਿਸ ਲਈ ਅਰਦਾਸ ਕੀਤੀ ਜਾਂਦੀ ਹੈ ) ਦੀ ਸਫਲਤਾ ਦੀ ਕਾਮਨਾ ਕਰਦਾ ਹੈ | ਤੇ ਅਖੀਰ ਤੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੋਇਆ ਦ੍ਰਿੜ ਕਰਦਾ ਹੈ, "ਹੇ ਅਕਾਲ ਪੁਰਖ, ਤੇਰੇ ਨਾਮ ( ਹੁਕਮ ) ਨੂੰ ਮੰਨਦੇ ਹੋਏ ਹੀ ਚੜ੍ਹਦੀ ਕਲਾ ਵਿਚ ਵਿਚਰਿਆ ਜਾ ਸਕਦਾ ਹੈ ਤੇ ਤੇਰੇ ਭਾਣੇ ਦੇ ਅੰਦਰ ਸਰਬੱਤ ਦਾ ਭਲਾ ਹੋਵੇ |"

ਸੋ ਅਰਦਾਸ "ਅਕਾਲ ਪੁਰਖ" ਦੇ ਸਿਮਰਨ ਤੋਂ ਸ਼ੁਰੂ ਹੁੰਦੀ ਹੈ ਤੇ ਅਕਾਲ ਪੁਰਖ ਦੇ ਭਾਣੇ ਵਿਚ ਸਰਬੱਤ ਦਾ ਭਲਾ ਮੰਗਦੇ ਹੋਏ ਸਮਾਪਤ ਹੁੰਦੀ ਹੈ |

ਕਿਓੰਕੇ 'ਪ੍ਰਥਮ ਭਗੌਤੀ ..." ਤੇ "ਨਾਨਕ ਨਾਮ ... " ਵਾਲਾ ਬੰਦ ਦੋਨੋ ਹੀ ਗੁਰੂ ਗਰੰਥ ਸਾਹਿਬ ਵਿਚ ਨਹੀਂ ਹਨ, ਸੋ ਇਹਨਾਂ ਦੇ ਅਰਦਾਸ ਵਿਚ ਸ਼ਾਮਿਲ ਕਾਰਨ ਦਾ ਇੱਕੋ ਇਕ ਕਾਰਨ ਇਹ ਹੈ ਕਿ ਇਹ ਦੋਵੇ ਹੀ ਬੰਦ ਸਾਡੀ ਅਰਦਾਸ ਦੀ  ਰੂਪ ਰੇਖਾ ( FORMAT) ਵਿਚ ਸਹੀ ਬੈਠਦੇ ਹਨ |

ਨਾਨਕ ਨਾਮ ... ਵਾਲੇ ਬੰਦ ਤੇ ਕਿੰਤੂ ਪਰੰਤੂ ਨਹੀਂ ਹੈ ਤੇ ਲਗਭਗ ਹਰ ਇਕ ਨੂੰ ਪ੍ਰਵਾਨ ਹੈ, ਸੋ ਉਸ ਬਾਰੇ ਜਿਆਦਾ ਵਿਸ਼ਲੇਸ਼ਣ ਦੇ ਲੋੜ ਨਹੀਂ | ਹੁਣ ਆਉਂਦੇ ਹਾਂ ਪ੍ਰਥਮ ਭਗੌਤੀ .. ਵਾਲੇ ਬੰਦ ਤੇ |
ਜੇਕਰ ਦਸਮ ਗਰੰਥ / ਚੰਡੀ ਦੀ ਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੀਏ, ਤੇ ਉਪਰੋਕਤ ਵਰਨਣ ਕੀਤੇ ਅਨੁਸਾਰ ਇਹ ਮੰਨੀਏ ਵਾਰ ਦੇ ਆਰੰਭ ਵਿਚ ਵਾਰ ਲਿਖਣ ਵਾਲਾ ਆਪਣੇ ਇਸ਼ਟ ਦੀ ਉਸਤਤਿ ਕਰਦਾ ਹੈ ਤਾ ਇਸ ਗੱਲ ਤੇ ਕੋਈ ਸ਼ੰਕਾ ਨਹੀ ਰਹਿ ਜਾਂਦਾ ਕਿ ਭਗੌਤੀ ਦਾ ਅਰਥ ਸਿਰਫ "ਅਕਾਲ ਪੁਰਖ" ਹੀ ਹੈ | ਕਿਓਂਕਿ ਸਾਰੀ ਹੀ ਗੁਰਬਾਣੀ ਤੇ ਸਾਰੇ ਗੁਰੂ ਸਾਹਿਬਾਂ ਦਾ ਜੀਵਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬਾਨ ਤੇ ਗੁਰੂ ਕੇ ਸਿਖਾਂ ਦਾ ਇਕੋ ਇਕ ਇਸ਼ਟ ਸਿਰਫ ਤੇ ਸਿਰਫ ਅਕਾਲ ਪੁਰਖ ਹੀ ਹੈ ਤੇ ਉਸਤੋਂ ਬਿਨਾ ਹੋਰ ਕੋਈ ਨਹੀਂ |

ਹੁਣ ਜੇਕਰ ਇਹ ਮੰਨੀਏ ਕਿ ਦਸਮ ਗਰੰਥ / ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ਪਰ ਇਹ ਬੰਦ ਇਸ ਕਰਕੇ ਅਰਦਾਸ ਵਿਚ ਸ਼ਾਮਿਲ ਕੀਤਾ ਗਿਆ ਹੈ ਕਿ ਇਹ ਸਿੱਖ ਦੀ ਅਰਦਾਸ ਦੀ  ਰੂਪ ਰੇਖਾ ( FORMAT )  ਦੇ ਅਨੁਸਾਰ ਹੈ | ਤਾ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਭਗੌਤੀ ਸ਼ਬਦ ਦੇ ਅਰਥ ਸਿਰਫ ਅਕਾਲ ਪੁਰਖ ਹੀ ਕੀਤੇ ਜਾਣ | ਜੇ ਭਗੌਤੀ ਦੇ ਅਰਥ ਦੁਰਗਾ ਜਾ ਭਗਉਤੀ ਦੇਵੀ ਕੀਤੇ ਜਾਣ ਤੇ ਇਹ ਸਿੱਖ ਦੀ ਅਰਦਾਸ ਅਤੇ ਸਿੱਖੀ ਵਿਚਾਰਧਾਰਾ ਦੇ ਹਿਸਾਬ ਨਾਲ ਬਿਲਕੁਲ ਗ਼ਲਤ ਹੈ |

ਕੁਛ ਵਿਦਵਾਨਾਂ ਦੀ ਰਾਏ ਇਹ ਹੈ ਕਿ "ਭਗੌਤੀ" ਸ਼ਬਦ ਨੂੰ ਬਦਲ ਕੇ "ਪ੍ਰਥਮ ਅਕਾਲ ਪੁਰਖ ਸਿਮਰ ਕੇ ... " ਕਰ ਦੇਣਾ ਚਾਹੀਦਾ ਹੈ ਤੇ ਬਾਕੀ ਸਭ ਠੀਕ ਹੈ | ਪਰ ਮੇਰੀ ਨਿੱਜੀ ਰਾਏ ਅਨੁਸਾਰ  ਸ਼ਬਦ "ਭਗੌਤੀ' ਹੈ ਜਾ ਅਕਾਲ ਪੁਰਖ ਦਾ ਕੋਈ ਹੋਰ ਨਾਮ ਜਿਵੇਂ ਕਿ ਗੋਪਾਲ, ਰਾਮ, ਅਲਾਹ, ਮੌਲਾ, ਖਸਮ, ਠਾਕੁਰ, ਵਾਹਿਗੁਰੂ, ਆਦਿ, ਇਸ ਨਾਲ ਜਿਆਦਾ ਫਰਕ ਨਹੀਂ ਪੈਂਦਾ | ਕਿਓਂ ਕਿ ਰਾਮ, ਠਾਕੁਰ, ਗੋਪਾਲ ਆਦਿਕ ਨਾਮ ਵੀ ਗੁਰਬਾਣੀ ਵਿਚ ਅਕਾਲ ਪੁਰਖ ਲਈ ਵਰਤੇ ਗਏ ਹਨ ਜਦ ਕਿ ਹਿੰਦੂ ਵੀਰ ਇਹਨਾਂ ਨੂੰ ਆਪਣੇ ਇਸ਼ਟ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਮੰਨ ਕੇ ਪੂਜਾ ਕਰਦੇ ਹਨ |
ਨਿਰਾਕਾਰ ਰੂਪ ਵਿਚ ਅਕਾਲ ਪੁਰਖ ਦਾ ਆਪਣਾ ਕੋਈ ਵੀ ਨਾਮ ( ਰੰਗ, ਰੂਪ, ਭੇਖ ) ਨਹੀਂ ਹੈ ਤੇ ਸਾਕਾਰ ਰੂਪ ਵਿਚ ਸਾਰੇ ਹੀ ਨਾਮ ਉਸਦੇ ਹਨ, ਫਿਰ ਭਾਵੇ ਕੋਈ ਉਸਨੂੰ ਕਿਸੇ ਵੀ ਨਾਮ ਨਾਲ ਬੁਲਾਵੇ ਕੋਈ ਫਰਕ ਨਹੀਂ ਪੈਂਦਾ | ਅਕਾਲ ਪੁਰਖ ਦਾ ਸਬੰਧ ਇਨਸਾਨ ਦੇ ਕਰਮ ਪਿੱਛੇ ਛੁਪੀ ਉਸਦੀ ਭਾਵਨਾ ਨਾਲ ਹੈ |

ਸੋ ਮੁਕਦੀ ਗੱਲ ਇਹ ਹੈ ਕਿ ਅਰਦਾਸ ਕਰਨ ਸਮੇ ਸ਼ਬਦ "ਭਗੌਤੀ" ਦਾ ਉਚਾਰਨ ਜਾ ਸ਼ਬਦ "ਅਕਾਲ ਪੁਰਖ" ਦਾ ਉਚਾਰਨ ਜਿਆਦਾ ਮਹੱਤਵ ਨਹੀਂ ਰੱਖਦਾ, ਸਗੋਂ ਉਸ ਉਚਾਰਨ ਸਮੇ ਇਨਸਾਨ ਦਾ ਧਿਆਨ "ਅਕਾਲ ਪੁਰਖ" ਵਿਚ ਹੈ ਜਾ ਨਹੀਂ ਇਹ ਜਿਆਦਾ ਮਹੱਤਵ ਰੱਖਦਾ ਹੈ | ਹਰ ਸਿੱਖ ਦਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਦੋ ਉਹ ਅਰਦਾਸ ਵਿਚ "ਪ੍ਰਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਏ" ਦਾ ਉਚਾਰਨ ਕਰਦਾ ਹੈ ਤਾ ਉਸਦਾ ਸਿਰਫ ਇਕ ਹੀ ਅਰਥ ਹੈ " ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਯਾਦ ਕਰਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਦਾ ਹਾਂ |"

ਇਸ ਲਈ ਇਸ ਵਿਸ਼ੇ ਵਿਚ ਕਿਸੇ ਤਰਕਸ਼ੀਲ ਵਾਦੀ ਤਰਕ ਜਾ ਭੰਬਲਭੂਸੇ ਵਿਚ ਪੈਣ ਦੇ ਕੋਈ ਲੋੜ ਨਹੀਂ | ਤੇ ਜਿਹੜਾ ਇਸ ਮਾਮਲੇ ਵਿਚ ਜਿਆਦਾ ਬਹਿਸ ਵਿਚ ਪਵੇ ਉਸਨੂੰ ਹੱਥ ਜੋੜ ਕੇ ਪਾਸੇ ਹੋ ਜਾਵੋ | ਕਿਓੰਕੇ ਅਜਿਹੇ ਵਿਸ਼ੇ ਤੇ ਜਰੂਰਤ ਤੋਂ ਜਿਆਦਾ ਬਹਿਸ ਸਮਾਂ ਖ਼ਰਾਬ ਕਾਰਨ ਤੋਂ ਇਲਾਵਾ ਕੁਛ ਨਹੀਂ |

Sunday, May 16, 2010

Mool Mantra

Mool mantra is the description of God.

IK OMKAR - God is one.
SATNAM - His name is truth.
KARTA - He is the creator of whole world,
PURAKH - He lives in everything he created.
NIRBHAU - He is fearless.
NIRVAIR - He never hates anyone.
AKAAL MURAT - He is beyond the time.He is immortal.
AJOONI - He neither borns never dies.
SAIBHANG - He is self created. Neither anyone has created Him nor anyone gave Him the birth.
GURUPRASAD - Only true guru can help us to meet him.
(and true Guru is "Guru Granth Sahib ji". Listening, reciting and obeying Grubani can only help us to meet GOD)