ਅਰਦਾਸ ਦਾ ਪਹਿਲਾ ਬੰਦ "ਪ੍ਰਥਮ ਭਗੌਤੀ ..." ਵਾਲਾ ਦਸਮ ਗਰੰਥ ਵਿੱਚੋ ਹੈ ਤੇ "ਚੰਡੀ ਦੀ ਵਾਰ" ਦੇ ਸ਼ੁਰੂ ਵਿਚ ਹੈ |
ਦਸਮ ਗਰੰਥ ਵਿਚ ਹੋਰ ਵੀ ਬਾਣੀਆਂ ਹਨ ਜੋ ਨਿਤਨੇਮ ਵਿਚ ਸ਼ਾਮਿਲ ਹਨ ਜਿਵੇਂ ਕੇ "ਜਾਪੁ ਸਾਹਿਬ ", ਸਵੈਯੇ , ਚੌਪਈ : ਇਹ ੩ ਬਾਣੀਆਂ ਗੁਰੂ ਗਰੰਥ ਸਾਹਿਬ ਵਿਚ ਨਹੀਂ ਹਨ |
( ਦਸਮ ਗਰੰਥ ਦੇ ਸਬੰਧ ਵਿਚ ਸਿਖਾਂ ਵਿਚ ੩ ਧੜੇ ਹਨ :
੧. ਜਿਹੜੇ ਸਾਰੇ ਹੀ ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਬਾਣੀ ਮੰਨਦੇ ਹਨ|
੨. ਜਿਹੜੇ ਸਾਰੇ ਹੀ ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਮੰਨਦੇ
ਅਤੇ
੩. ਜਿਹੜੇ ਇਸ ਵਿੱਚੋ ਕੁਛ ਬਾਣੀ (ਲਗਭਗ ਤੀਜਾ ਹਿੱਸਾ) ਨੂੰ ਹੀ ਗੁਰਮਤਿ ਸਿਧਾਂਤ ਅਨੁਸਾਰ ਮੰਨਦੇ ਹਨ| ( ਮੈਂ ਇਹਨਾਂ ਵਿਚੋਂ ਕਿਸੇ ਵੀ ਧੜੇ ਵਿਚ ਨਹੀਂ ਹਾਂ | )
ਤੇ ਇਸ ਭੰਬਲਭੂਸੇ ਨੂੰ ਵਧਾਉਣ ਲਈ ਸਿੱਖ ਵਿਰੋਧੀ ਤਾਕਤਾਂ ਅੱਡੀ ਛੋਟੀ ਦਾ ਜ਼ੋਰ ਲਾ ਰਹੀਆਂ ਹਨ | ਸੋ ਇਸ ਮਸਲੇ ਤੇ ਬਹੁਤ ਸਮਝ ਤੋਂ ਕੰਮ ਲੈਣ ਦੀ ਲੋੜ ਹੈ | (ਇਸ ਬਾਰੇ ਵਿਸਥਾਰ ਨਾਲ ਫਿਰ ਕਦੀ ਸਮਾਂ ਕੱਢ ਕੇ ਲਿਖਾਂਗਾ| ਇਸ ਸਵਾਲ ਦੇ ਜਵਾਬ ਲਈ ਇੰਨਾ ਹੀ ਕਾਫੀ ਹੈ) )
ਕਿਓਂਕਿ "ਪ੍ਰਥਮ ਭਗੌਤੀ ..." ਵਾਲਾ ਬੰਦ "ਚੰਡੀ ਦੀ ਵਾਰ" ਵਿਚ ਆਉਂਦਾ ਹੈ, ਜਿਸਨੂੰ ਦੁਰਗਾ ਦੀ ਵਾਰ ਵੀ ਆਖਿਆ ਜਾਂਦਾ ਹੈ| ਦੁਰਗਾ ਨੂੰ ਹੀ ਭਗਉਤੀ ਵੀ ਕਿਹਾ ਜਾਂਦਾ ਹੈ ਤੇ ਹਿੰਦੂ ਵੀਰ ਉਸਨੂੰ ਦੇਵੀ ਮੰਨ ਕੇ ਉਸਦੀ ਪੂਜਾ ਕਰਦੇ ਨੇ |
ਵਾਰ ਕੀ ਹੈ ? ਵਾਰ, ਕਵਿਤਾ ਦੀ ਉਹ ਵੰਨਗੀ ਹੈ ਜਿਹੜੀ ਕਿਸੇ ਬਹਾਦੁਰੀ ਦੇ ਕਿੱਸੇ ਨੂੰ ਬਿਆਨ ਕਰਦੀ ਹੈ, ਤੇ ਇਸਨੂੰ ਗਾਉਣ ਦਾ ਤਰੀਕਾ ਵੀ ਬੜਾ ਜੋਸ਼ੀਲਾ ਹੁੰਦਾ ਹੈ | ( ਉਧਾਰਨ ਦੇ ਤੌਰ ਤੇ ਸਾਡੇ ਢਾਢੀ ਸਿੰਘ ਜਦੋ ਸਿੱਖ ਇਤਿਹਾਸ ਨੂੰ ਵਾਰ ਦੇ ਰੂਪ ਵਿਚ ਸੰਗਤ ਵਿਚ ਪੇਸ਼ ਕਰਦੇ ਨੇ ਤਾ ਪੂਰੀ ਸੰਗਤ ਵਿਚ ਉਤਸ਼ਾਹ ਆ ਜਾਂਦਾ ਹੈ|) ਵਾਰ ਲਿਖਣ ਦਾ ਇਕ ਆਪਣਾ ਤਰੀਕਾ ਹੁੰਦਾ ਹੈ, ਜਿਸ ਵਿਚ ਸ਼ੁਰੂ ਵਿਚ ਵਾਰ ਲਿਖਣ ਵਾਲਾ ਆਪਣੇ ਇਸ਼ਟ ਦੀ, ਜਾ ਆਪਣੀਆਂ ਸਤਿਕਾਰਿਤ ਹਸਤੀਆਂ ਦੀ ਉਸਤਤ ਕਰਦਾ ਹੈ ਤੇ ਫਿਰ ਅੱਗੇ ਕਾਵ ਰੂਪ ਵਿਚ ਕਿਸੇ ਕਿੱਸੇ ਨੂੰ ਵਰਨਣ ਕਰਦਾ ਹੈ |
ਚੰਡੀ ਦੀ ਵਾਰ ਵਿਚ ਵੀ ਦੁਰਗਾ ਰਾਣੀ ( ਰਾਜਕੁਮਾਰੀ ) ਦਾ ਦੈਂਤ ਰਾਜਿਆਂ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ ਆਦਿਕ ਨਾਲ ਲੜਾਈ ਦਾ ਵਰਨਣ ਹੈ | ਜੇਕਰ ਪ੍ਰੋਫ਼. ਗੁਰਨਾਮ ਸਿੰਘ ਮੁਕਤਸਰ ਦੀ ਕਿਤਾਬ "ਭਾਰਤੀ ਲੋਕ ਨੀਚ ਕਿਵੇਂ ਬਣੇ " ਪੜੀਏ ਤਾ ਉਸ ਵਿਚ ਦਿੱਤੇ ਹਵਾਲੇ ਤੇ ਬਾਕੀ ਲੋਕਾਂ ਦੀਆਂ ਇਤਿਹਾਸਿਕ ਖੋਜਾਂ ਨੂੰ ਮੰਨੀਏ ਇਹ ਜਾਹਿਰ ਹੈ ਕਿ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ , ਰਾਵਣ ਆਦਿ ਦ੍ਰਵਿੜ ਰਾਜੇ ਸਨ ਤੇ ਇੰਦਰ ਵਿਸ਼ਨੂੰ ਰਾਮ ਕ੍ਰਿਸ਼ਨ ਆਦਿ ਆਰੀਅਨ ਰਾਜੇ ਸਨ | ਰਾਖਸ, ਦੈਂਤ , ਆਸੁਰ ਆਦਿ ਦ੍ਰਾਵਿੜਾਂ ਦੀਆਂ ਜਾਤੀਆਂ ਸਨ ਤੇ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ ਆਦਿ ਇਹਨਾਂ ਜਾਤੀਆਂ ਦੇ ਸਰਦਾਰ ਤੇ ਰਾਜੇ ਸਨ| ਇੰਦਰ ਬਹੁਤ ਬਲਸ਼ਾਲੀ ਸੀ ਜਿਸ ਨੇ ਆਰੀਆ ਰਾਜ ਦਾ ਵਿਸਥਾਰ ਕੀਤਾ| ਜਦ ਮਹਿਖਾਸੁਰ ਨੇ ਇੰਦਰ ਨੂੰ ਹਰਾ ਕੇ ਭਜਾ ਦਿੱਤਾ ਤਾ ਇੰਦਰ ਨੇ ਦੁਰਗਾ ਕੋਲ ਫਰਿਆਦ ਕੀਤੀ | ਤੇ ਫਿਰ ਦੁਰਗਾ ਤੇ ਦੈਂਤ ਰਾਜੇ ਮਹਿਖਾਸੁਰ, ਸੁੰਭ, ਨਿਸੁੰਭ, ਰਕਤਬੀਜ ਆਦਿਕ ਦੀ ਬੜੀ ਘਮਾਸਾਨ ਲੜਾਈ ਹੋਈ ਤੇ ਅੰਤ ਨੂੰ ਦੈਂਤ ਰਾਜੇ ਬਹੁਤ ਬਹਾਦੁਰੀ ਨਾਲ ਲੜਾਈ ਕਰਦੇ ਹੋਏ ਮਾਰੇ ਗਏ ਪਰ ਜੰਗ ਦੇ ਮੈਦਾਨ ਵਿੱਚੋ ਪਿੱਛੇ ਨਹੀਂ ਹਟੇ | ਸੋ ਇਹ ਵਾਰ ਦੁਰਗਾ ਤੇ ਦੈਂਤਾਂ ਦੋਨ੍ਹਾਂ ਦੀ ਬਹਾਦੁਰੀ ਨੂੰ ਬਿਆਨ ਕਰਦੀ ਹੈ | ਇਹ ਜਰੂਰ ਹੈ ਕਿ ਇਸ ਲੜਾਈ ਵਿਚ ਦੁਰਗਾ ਦੀ ਜਿੱਤ ਹੋਈ ਤੇ ਦੈਂਤ ਬਹਾਦੁਰੀ ਨਾਲ ਲੜਦੇ ਹੋਏ ਜੰਗ ਦੇ ਮੈਦਾਨ ਵਿਚ ਮਾਰੇ ਗਏ |
ਇਕ ਗੱਲ ਹੋਰ ਦੇਖਣ ਵਾਲੀ ਹੈ ਕਿ ਜਿਆਦਤਰ ਟੀਕਾਕਾਰਾਂ ਨੇ ਦੁਰਗਾ ਨੂੰ ਆਪਣੇ ਟੀਕੇ ਵਿਚ ਦੇਵੀ ਲਿਖਿਆ ਹੈ ਪਰ ਚੰਡੀ ਦੀ ਵਾਰ ਵਿਚ ਜਿਆਦਾਤਰ ਰਾਣੀ ਜਾ ਰਾਜਕੁਮਾਰੀ ਲਿਖਿਆ ਹੈ ਜੋ ਕਿ ਪ੍ਰੋਫ਼. ਗੁਰਨਾਮ ਸਿੰਘ ( ਮੁਕਤਸਰ ) ਦੀ ਲਿਖਤ ਨਾਲ ਮੇਲ ਖਾਂਦੀ ਹੈ | ਕਿ ਜਿਹਨਾਂ ਰਾਜਿਆਂ ਤੇ ਰਾਣੀਆਂ ਨੇ ਆਰੀਅਨ ਰਾਜ ਦਾ ਵਿਸਥਾਰ ਕੀਤਾ ਓਹਨਾ ਨੂੰ ਹੀ ਦੇਵਤੇ ਤੇ ਦੇਵੀਆਂ ਕਹਿ ਕੇ ਪੂਜਿਆ ਗਿਆ |
ਇਹ ਤਾ ਸੀ ਚੰਡੀ ਦੀ ਵਾਰ ਦਾ ਸੰਖੇਪ ਵਿਚ ਸਾਰ | ਤੇ ਹੁਣ ਆਪਾਂ ਆਉਂਦੇ ਹਾਂ ਅਰਦਾਸ ਤੇ, ਜੋ ਕਿ ਅਸਲੀ ਪ੍ਰਸ਼ਨ ਹੈ |
ਸਿੱਖ ਦੀ ਅਰਦਾਸ ਦੀ ਇਕ ਰੂਪ ਰੇਖਾ ( FORMAT) ਨਿਰਧਾਰਿਤ ਹੈ ਜੋ ਕਿ ਸਿੱਖ ਰਹਿਤ ਮਰਯਾਦਾ ਵਿਚ ਦਰਜ ਹੈ | ਇਸ ਅਨੁਸਾਰ ਸਿੱਖ ਅਰਦਾਸ ਦੇ ਸ਼ੁਰੂ ਵਿਚ "ਪ੍ਰਥਮ ਭਗੌਤੀ .. " ਵਾਲਾ ਬੰਦ ਤੇ ਅਰਦਾਸ ਦੇ ਅੰਤ ਵਿਚ "ਨਾਨਕ ਨਾਮ ਚੜ੍ਹਦੀ ਕਲਾ " ਵਾਲਾ ਬੰਦ ਪੜਦਾ ਹੈ | ਇਹ ਦੋਨੋ ਹੀ ਬੰਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਨਹੀਂ ਹਨ |
ਹੁਣ ਜੇ ਅਰਦਾਸ ਨੂੰ ਥੋੜਾ ਹੋਰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾ ਸਿੱਖ ਅਰਦਾਸ ਵਿਚ ਅਕਾਲਪੁਰਖ ਤੋਂ ਸ਼ੁਰੂ ਕਰ ਕੇ, ਆਪਣੇ ਗੁਰੂ ਸਾਹਿਬਾਂ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਾ ਤੇ ਆਪਣਾ ਭਰੋਸਾ ਦ੍ਰਿੜ ਕਰਦਾ ਹੋਇਆ ਪੰਜ ਪਿਆਰਿਆਂ ਸਾਹਿਬਜ਼ਾਦਿਆਂ , ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦਾ ਹੋਇਆ, ਓਹਨਾ ਨੂੰ ਸਤਿਕਾਰ ਦਿੰਦਾ ਹੋਇਆ, ਆਪਣੀਆ ਮੰਗਾਂ ( ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ , ਨਾਮ ਦਾਨ ) ਆਦਿ ਅਕਾਲਪੁਰਖ ਅੱਗੇ ਰੱਖਦਾ ਹੈ | ਵਿਛੜੇ ਹੋਏ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ ਕਰਨ ਦੀ ਇੱਛਾ ਜਾਹਿਰ ਕਰਦਾ ਹੋਇਆ ਆਪਣੇ ਕਾਰਜ ( ਜਿਸ ਲਈ ਅਰਦਾਸ ਕੀਤੀ ਜਾਂਦੀ ਹੈ ) ਦੀ ਸਫਲਤਾ ਦੀ ਕਾਮਨਾ ਕਰਦਾ ਹੈ | ਤੇ ਅਖੀਰ ਤੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੋਇਆ ਦ੍ਰਿੜ ਕਰਦਾ ਹੈ, "ਹੇ ਅਕਾਲ ਪੁਰਖ, ਤੇਰੇ ਨਾਮ ( ਹੁਕਮ ) ਨੂੰ ਮੰਨਦੇ ਹੋਏ ਹੀ ਚੜ੍ਹਦੀ ਕਲਾ ਵਿਚ ਵਿਚਰਿਆ ਜਾ ਸਕਦਾ ਹੈ ਤੇ ਤੇਰੇ ਭਾਣੇ ਦੇ ਅੰਦਰ ਸਰਬੱਤ ਦਾ ਭਲਾ ਹੋਵੇ |"
ਸੋ ਅਰਦਾਸ "ਅਕਾਲ ਪੁਰਖ" ਦੇ ਸਿਮਰਨ ਤੋਂ ਸ਼ੁਰੂ ਹੁੰਦੀ ਹੈ ਤੇ ਅਕਾਲ ਪੁਰਖ ਦੇ ਭਾਣੇ ਵਿਚ ਸਰਬੱਤ ਦਾ ਭਲਾ ਮੰਗਦੇ ਹੋਏ ਸਮਾਪਤ ਹੁੰਦੀ ਹੈ |
ਕਿਓੰਕੇ 'ਪ੍ਰਥਮ ਭਗੌਤੀ ..." ਤੇ "ਨਾਨਕ ਨਾਮ ... " ਵਾਲਾ ਬੰਦ ਦੋਨੋ ਹੀ ਗੁਰੂ ਗਰੰਥ ਸਾਹਿਬ ਵਿਚ ਨਹੀਂ ਹਨ, ਸੋ ਇਹਨਾਂ ਦੇ ਅਰਦਾਸ ਵਿਚ ਸ਼ਾਮਿਲ ਕਾਰਨ ਦਾ ਇੱਕੋ ਇਕ ਕਾਰਨ ਇਹ ਹੈ ਕਿ ਇਹ ਦੋਵੇ ਹੀ ਬੰਦ ਸਾਡੀ ਅਰਦਾਸ ਦੀ ਰੂਪ ਰੇਖਾ ( FORMAT) ਵਿਚ ਸਹੀ ਬੈਠਦੇ ਹਨ |
ਨਾਨਕ ਨਾਮ ... ਵਾਲੇ ਬੰਦ ਤੇ ਕਿੰਤੂ ਪਰੰਤੂ ਨਹੀਂ ਹੈ ਤੇ ਲਗਭਗ ਹਰ ਇਕ ਨੂੰ ਪ੍ਰਵਾਨ ਹੈ, ਸੋ ਉਸ ਬਾਰੇ ਜਿਆਦਾ ਵਿਸ਼ਲੇਸ਼ਣ ਦੇ ਲੋੜ ਨਹੀਂ | ਹੁਣ ਆਉਂਦੇ ਹਾਂ ਪ੍ਰਥਮ ਭਗੌਤੀ .. ਵਾਲੇ ਬੰਦ ਤੇ |
ਜੇਕਰ ਦਸਮ ਗਰੰਥ / ਚੰਡੀ ਦੀ ਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੀਏ, ਤੇ ਉਪਰੋਕਤ ਵਰਨਣ ਕੀਤੇ ਅਨੁਸਾਰ ਇਹ ਮੰਨੀਏ ਵਾਰ ਦੇ ਆਰੰਭ ਵਿਚ ਵਾਰ ਲਿਖਣ ਵਾਲਾ ਆਪਣੇ ਇਸ਼ਟ ਦੀ ਉਸਤਤਿ ਕਰਦਾ ਹੈ ਤਾ ਇਸ ਗੱਲ ਤੇ ਕੋਈ ਸ਼ੰਕਾ ਨਹੀ ਰਹਿ ਜਾਂਦਾ ਕਿ ਭਗੌਤੀ ਦਾ ਅਰਥ ਸਿਰਫ "ਅਕਾਲ ਪੁਰਖ" ਹੀ ਹੈ | ਕਿਓਂਕਿ ਸਾਰੀ ਹੀ ਗੁਰਬਾਣੀ ਤੇ ਸਾਰੇ ਗੁਰੂ ਸਾਹਿਬਾਂ ਦਾ ਜੀਵਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬਾਨ ਤੇ ਗੁਰੂ ਕੇ ਸਿਖਾਂ ਦਾ ਇਕੋ ਇਕ ਇਸ਼ਟ ਸਿਰਫ ਤੇ ਸਿਰਫ ਅਕਾਲ ਪੁਰਖ ਹੀ ਹੈ ਤੇ ਉਸਤੋਂ ਬਿਨਾ ਹੋਰ ਕੋਈ ਨਹੀਂ |
ਹੁਣ ਜੇਕਰ ਇਹ ਮੰਨੀਏ ਕਿ ਦਸਮ ਗਰੰਥ / ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ਪਰ ਇਹ ਬੰਦ ਇਸ ਕਰਕੇ ਅਰਦਾਸ ਵਿਚ ਸ਼ਾਮਿਲ ਕੀਤਾ ਗਿਆ ਹੈ ਕਿ ਇਹ ਸਿੱਖ ਦੀ ਅਰਦਾਸ ਦੀ ਰੂਪ ਰੇਖਾ ( FORMAT ) ਦੇ ਅਨੁਸਾਰ ਹੈ | ਤਾ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਭਗੌਤੀ ਸ਼ਬਦ ਦੇ ਅਰਥ ਸਿਰਫ ਅਕਾਲ ਪੁਰਖ ਹੀ ਕੀਤੇ ਜਾਣ | ਜੇ ਭਗੌਤੀ ਦੇ ਅਰਥ ਦੁਰਗਾ ਜਾ ਭਗਉਤੀ ਦੇਵੀ ਕੀਤੇ ਜਾਣ ਤੇ ਇਹ ਸਿੱਖ ਦੀ ਅਰਦਾਸ ਅਤੇ ਸਿੱਖੀ ਵਿਚਾਰਧਾਰਾ ਦੇ ਹਿਸਾਬ ਨਾਲ ਬਿਲਕੁਲ ਗ਼ਲਤ ਹੈ |
ਕੁਛ ਵਿਦਵਾਨਾਂ ਦੀ ਰਾਏ ਇਹ ਹੈ ਕਿ "ਭਗੌਤੀ" ਸ਼ਬਦ ਨੂੰ ਬਦਲ ਕੇ "ਪ੍ਰਥਮ ਅਕਾਲ ਪੁਰਖ ਸਿਮਰ ਕੇ ... " ਕਰ ਦੇਣਾ ਚਾਹੀਦਾ ਹੈ ਤੇ ਬਾਕੀ ਸਭ ਠੀਕ ਹੈ | ਪਰ ਮੇਰੀ ਨਿੱਜੀ ਰਾਏ ਅਨੁਸਾਰ ਸ਼ਬਦ "ਭਗੌਤੀ' ਹੈ ਜਾ ਅਕਾਲ ਪੁਰਖ ਦਾ ਕੋਈ ਹੋਰ ਨਾਮ ਜਿਵੇਂ ਕਿ ਗੋਪਾਲ, ਰਾਮ, ਅਲਾਹ, ਮੌਲਾ, ਖਸਮ, ਠਾਕੁਰ, ਵਾਹਿਗੁਰੂ, ਆਦਿ, ਇਸ ਨਾਲ ਜਿਆਦਾ ਫਰਕ ਨਹੀਂ ਪੈਂਦਾ | ਕਿਓਂ ਕਿ ਰਾਮ, ਠਾਕੁਰ, ਗੋਪਾਲ ਆਦਿਕ ਨਾਮ ਵੀ ਗੁਰਬਾਣੀ ਵਿਚ ਅਕਾਲ ਪੁਰਖ ਲਈ ਵਰਤੇ ਗਏ ਹਨ ਜਦ ਕਿ ਹਿੰਦੂ ਵੀਰ ਇਹਨਾਂ ਨੂੰ ਆਪਣੇ ਇਸ਼ਟ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਮੰਨ ਕੇ ਪੂਜਾ ਕਰਦੇ ਹਨ |
ਨਿਰਾਕਾਰ ਰੂਪ ਵਿਚ ਅਕਾਲ ਪੁਰਖ ਦਾ ਆਪਣਾ ਕੋਈ ਵੀ ਨਾਮ ( ਰੰਗ, ਰੂਪ, ਭੇਖ ) ਨਹੀਂ ਹੈ ਤੇ ਸਾਕਾਰ ਰੂਪ ਵਿਚ ਸਾਰੇ ਹੀ ਨਾਮ ਉਸਦੇ ਹਨ, ਫਿਰ ਭਾਵੇ ਕੋਈ ਉਸਨੂੰ ਕਿਸੇ ਵੀ ਨਾਮ ਨਾਲ ਬੁਲਾਵੇ ਕੋਈ ਫਰਕ ਨਹੀਂ ਪੈਂਦਾ | ਅਕਾਲ ਪੁਰਖ ਦਾ ਸਬੰਧ ਇਨਸਾਨ ਦੇ ਕਰਮ ਪਿੱਛੇ ਛੁਪੀ ਉਸਦੀ ਭਾਵਨਾ ਨਾਲ ਹੈ |
ਸੋ ਮੁਕਦੀ ਗੱਲ ਇਹ ਹੈ ਕਿ ਅਰਦਾਸ ਕਰਨ ਸਮੇ ਸ਼ਬਦ "ਭਗੌਤੀ" ਦਾ ਉਚਾਰਨ ਜਾ ਸ਼ਬਦ "ਅਕਾਲ ਪੁਰਖ" ਦਾ ਉਚਾਰਨ ਜਿਆਦਾ ਮਹੱਤਵ ਨਹੀਂ ਰੱਖਦਾ, ਸਗੋਂ ਉਸ ਉਚਾਰਨ ਸਮੇ ਇਨਸਾਨ ਦਾ ਧਿਆਨ "ਅਕਾਲ ਪੁਰਖ" ਵਿਚ ਹੈ ਜਾ ਨਹੀਂ ਇਹ ਜਿਆਦਾ ਮਹੱਤਵ ਰੱਖਦਾ ਹੈ | ਹਰ ਸਿੱਖ ਦਾ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਦੋ ਉਹ ਅਰਦਾਸ ਵਿਚ "ਪ੍ਰਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਏ" ਦਾ ਉਚਾਰਨ ਕਰਦਾ ਹੈ ਤਾ ਉਸਦਾ ਸਿਰਫ ਇਕ ਹੀ ਅਰਥ ਹੈ " ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਯਾਦ ਕਰਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਦਾ ਹਾਂ |"
ਇਸ ਲਈ ਇਸ ਵਿਸ਼ੇ ਵਿਚ ਕਿਸੇ ਤਰਕਸ਼ੀਲ ਵਾਦੀ ਤਰਕ ਜਾ ਭੰਬਲਭੂਸੇ ਵਿਚ ਪੈਣ ਦੇ ਕੋਈ ਲੋੜ ਨਹੀਂ | ਤੇ ਜਿਹੜਾ ਇਸ ਮਾਮਲੇ ਵਿਚ ਜਿਆਦਾ ਬਹਿਸ ਵਿਚ ਪਵੇ ਉਸਨੂੰ ਹੱਥ ਜੋੜ ਕੇ ਪਾਸੇ ਹੋ ਜਾਵੋ | ਕਿਓੰਕੇ ਅਜਿਹੇ ਵਿਸ਼ੇ ਤੇ ਜਰੂਰਤ ਤੋਂ ਜਿਆਦਾ ਬਹਿਸ ਸਮਾਂ ਖ਼ਰਾਬ ਕਾਰਨ ਤੋਂ ਇਲਾਵਾ ਕੁਛ ਨਹੀਂ |
No comments:
Post a Comment