Monday, December 2, 2024

ਸੰਪਟ ਪਾਠ ਕੀ ਹੈ ?

ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਸੰਪਟ ਦੇ ਅਰਥ ਹਨ | 1. ਸੰ. सम्पुट- ਸੰਪੁਟ. ਨਾਮ/n. ਪੁਟ (ਢਕਣ) ਦੀ ਕ੍ਰਿਯਾ। 2. ਡੱਬਾ। 3. ਸੰਦੂਕ। 4. ਪੜਦਾ. ਆਵਰਣ. ਭਾਵ- ਮਿਚ ਜਾਣ ਦਾ ਭਾਵ. “ਕਕਾ ਕਿਰਣਿ ਕਮਲ ਮਹਿ ਪਾਵਾ। ਸਸਿ ਬਿਗਾਸ ਸੰਪਟ ਨਹੀ ਆਵਾ.” (ਗਉ ਬਾਵਨ ਕਬੀਰ) ਜਦ ਰਿਦੇਕਮਲ ਵਿੱਚ ਕਿਰਣਿ (ਸੂਰਜਆਤਮਗ੍ਯਾਨ) ਦਾ ਪ੍ਰਕਾਸ਼ ਹੋਇਆ, ਤਦ ਸਸਿ (ਚੰਦ੍ਰਮਾ-ਮਾਇਆ ਦੇ ਚਮਤਕਾਰ) ਨਾਲ ਰਿਦਾਕਮਲ ਮਿਚਦਾ ਨਹੀਂ। 5. ਮੰਤ੍ਰ ਦੇ ਆਦਿ ਅਤੇ ਅੰਤ ਕਿਸੇ ਪਦ ਦੇ ਜੋੜਨ ਦੀ ਕ੍ਰਿਯਾ. ਦੇਖੋ- ਸੰਪੁਟਪਾਠ। 6. ਦੋ ਬਰਤਨਾਂ ਵਿੱਚ ਰੱਖਕੇ ਦਵਾ ਨੂੰ ਆਂਚ ਦੇਣ ਦੀ ਕ੍ਰਿਯਾ. -------- ਹਿੰਦੂ ਪਰੰਪਰਾ ਵਿੱਚ, ਇੱਕ ਮੰਤਰ, ਇੱਕ ਹੋਰ ਰਹੱਸਵਾਦੀ ਸ਼ਬਦ ਜਾਂ ਮੰਤਰ ਦੇ ਅਗੇਤਰ ਅਤੇ ਪਿਛੇਤਰ ਨੂੰ 'ਸੰਪਾ¹ ਮੰਤਰ' ਕਿਹਾ ਜਾਂਦਾ ਹੈ। ਸ਼ਾਬਦਿਕ ਤੌਰ 'ਤੇ, ਸੰਪਟ ਇੱਕ ਡੱਬਾ, ਸੰਦੂਕੜੀ (casket ) ਹੈ | ਪੰਡਿਤ /ਪੁਜਾਰੀ ਜੀ ਜਿਸ ਛੋਟੇ ਜਿਹੇ ਡੱਬੇ 'ਚ ਆਪਣੇ ਠਾਕਰ ਜਾਂ ਹੋਰ ਦੇਵੀ ਦੇਵਤੇ ਨੂੰ ਰਖਦੇ ਹਨ ਉਸਨੂੰ ਸੰਪਟ ਕਿਹਾ ਜਾਂਦਾ ਹੈ। ਇੱਕ ਹਿੰਦੂ ਪਰੰਪਰਾ ਹੈ ਜੋ ਬ੍ਰਾਹਮਣਾਂ ਦੁਆਰਾ ਹਨੂੰਮਾਨ ਚਾਲੀਸਾ, ਗੀਤਾ ਜਾਂ ਰਮਾਇਣ ਪੜ੍ਹਣ ਵੇਲੇ ਵਰਤੀ ਜਾਂਦੀ ਹੈ | ਸ਼ਰਧਾਲੂ ਹਿੰਦੂ ਆਪਣੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਸੰਪਟ (ਪੜਦੇ) ਵਿਚ ਰੱਖਦੇ ਹਨ | ਅਤੇ ਫਿਰ ਇੱਕ ਮੰਤਰ, ਹਰ ਸ਼ਲੋਕ / ਸ਼ਬਦ ਦਾ ਅਗੇਤਰ ਅਤੇ ਪਿਛੇਤਰ ਲਗਾ ਕੇ ਪਾਠ ਕੀਤਾ ਜਾਂਦਾ ਹੈ | ਸਪੱਸ਼ਟ ਤੌਰ 'ਤੇ ਇੱਕ ਸਧਾਰਨ ਰੀਤ ਨਾਲ ਕੀਤੇ ਪਾਠ ਨਾਲੋਂ ਦੁੱਗਣਾ ਸਮਾਂ ਲੈਂਦਾ ਹੈ, ਜਾਂ ਇਸ ਤੋਂ ਵੀ ਵੱਧ। ਇਸੇ ਹਿੰਦੂਵਾਦੀ ਪ੍ਰੰਪਰਾ ਤੋਂ ਪ੍ਰੇਰਿਤ ਕੁਝ ਡੇਰਿਆਂ ਅਤੇ ਸੰਪ੍ਰਦਾਵਾਂ ਵਲੋਂ ਇਸ ਇਸ ਬਿਪਰਵਾਦੀ ਰੀਤ ਨੂੰ ਅਪਣਾ ਕੇ ਗੁਰੂ ਗਰੰਥ ਸਾਹਿਬ ਜੀ ਦੇ ਸੰਪਟ ਪਾਠ ਦੀ ਪ੍ਰਥਾ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਜਗਾਹ, ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਇੱਕ ਕਮਰੇ ਵਿਚ ਚਾਰੇ ਪਾਸੇ ਪਰਦਾ ਕਰਕੇ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਫਿਰ ਇੱਕ ਬੰਦਾ ਸੰਪਟ (ਗੁਰਬਾਣੀ ਵਿਚੋਂ ਕੋਈ ਵੀ ਇੱਕ ਤੁਕ ਮਿਥ ਲਈ ਜਾਂਦੀ ਹੈ ) ਲਗਾ ਕੇ ਪਾਠ ਕਰਦਾ ਹੈ | ਉਸ ਕਮਰੇ ਵਿਚ ਸਿਵਾਏ ਖਾਣਾ ਪੀਣਾ ਦੇਣ ਵਾਲੇ ਦੇ, ਹੋਰ ਕਿਸੇ ਨੂੰ ਵੀ ਜਾਣ ਦੀ ਇਜ਼ਾਜ਼ਤ ਨਹੀਂ ਹੁੰਦੀ | ਗੁਰਬਾਣੀ ਦੀ ਆਵਾਜ਼ ਕਮਰੇ ਤੋਂ ਬਾਹਰ ਨਹੀਂ ਆਉਂਦੀ | ਸੰਪਟ ਪਾਠ ਬਾਬਤ ਡੇਰਿਆਂ ਵੱਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਇਸਦਾ ਅਖੰਡ ਪਾਠ ਕਰਵਾਉਣ ਨਾਲੋਂ ਕਈ ਗੁਣਾ ਜਿਆਦਾ ਮਹਾਤਮ ਮਿਲਦਾ ਹੈ | ਸੰਪਟ ਪਾਠ ਗੁਰਮਤਿ ਸਿਧਾਂਤ ਦੀ ਸ਼ਰੇਆਮ ਉਲੰਙਣਾ ਹੈਂ ਕਿਓਂ ਕਿ ਗੁਰਬਾਣੀ ਦਾ ਸਿਧਾਂਤ ਹੈ ਕਿ ਗੁਰਬਾਣੀ ਆਪ ਪੜੋ, ਸੁਣੋ ਅਤੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਜੀਵਨ ਸ਼ੈਲੀ ਅਪਣਾਓ ਅਤੇ ਨਾਲ ਨਾਲ ਦੂਜਿਆਂ ਨੂੰ ਵੀ ਬਾਣੀ ਪੜ੍ਹਨ ਸੁਨਣ ਲਈ ਪ੍ਰੇਰਿਤ ਕਰੋ | ਬੰਦ ਕਮਰੇ ਵਿਚ ਕਿਸੇ ਕੋਲੋਂ ਪਾਠ ਕਰਵਾਉਣਾ ਜਿਸ ਨੂੰ ਕੋਈ ਸੁਣ ਵੀ ਨਾ ਸਕੇ, ਅਜਿਹੇ ਪਾਠ ਦਾ ਕਿਸੇ ਨੂੰ ਕੀ ਲਾਭ ਹੋ ਸਕਦਾ ਹੈ | ਸੋ ਡੇਰਿਆਂ ਵੱਲੋਂ ਪ੍ਰਚਲਿਤ ਕੀਤੇ ਜਾ ਰਹੇ ਅਜਿਹੇ ਮਹਿੰਗੇ ਸੰਪਟ ਪਾਠ ਆਰਥਿਕ ਲੁੱਟ ਤੋਂ ਬਿਨਾ ਹੋਰ ਕੁਝ ਵੀ ਪੱਲੇ ਨਹੀਂ ਪਾਉਂਦੇ | ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਧਰਮ ਦੇ ਨਾਮ ਤੇ ਹੁੰਦੇ ਅਜਿਹੇ ਪਾਖੰਡ ਤੋਂ ਬਚਣਾ ਚਾਹੀਦਾ ਹੈ |

No comments:

Post a Comment